ਬਾਗਪਤ (ਯੂਪੀ), 31 ਜਨਵਰੀ
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦਾ ਅਸਰ ਪੱਛਮੀ ਉੱਤਰ ਪ੍ਰਦੇਸ਼ ਵਿੱਚ ਧੁਰ ਅੰਦਰ ਤੱਕ ਨਜ਼ਰ ਆਉਣ ਲੱਗਾ ਹੈ। ਬਾਗਪਤ ਵਿੱਚ ਜੁੜੀ ਮਹਾਪੰਚਾਇਤ ਵਿੱਚ ਹਜ਼ਾਰਾਂ ਕਿਸਾਨ ਪਹੁੰਚੇ ਤੇ ਪਿਛਲੇ ਤਿੰਨ ਦਿਨਾਂ ਵਿੱਚ ਕਿਸਾਨਾਂ ਦਾ ਇਸ ਖਿੱਤੇ ਵਿੱਚ ਇਹ ਤੀਜਾ ਵੱਡਾ ਇਕੱਠ ਹੈ। ‘ਸਰਵ ਖਾਪ ਪੰਚਾਇਤ’ ਸਥਾਨਕ ਤਹਿਸੀਲ ਮੈਦਾਨ ਵਿੱਚ ਹੋਈ, ਜਿਸ ਵਿੱਚ ਨੇੜਲੇ ਜ਼ਿਲ੍ਹਿਆਂ ਦੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪੁੱਜੇ। ਟਰੈਕਟਰਾਂ ’ਤੇ ਕੌਮੀ ਝੰਡੇ ਦੇ ਨਾਲ ਕਿਸਾਨ ਯੂਨੀਅਨਾਂ ਦੇ ਝੰਡੇ ਵੀ ਨਜ਼ਰ ਆਏ। ਸ਼ੁੱਕਰਵਾਰ ਨੂੰ ਮੁਜ਼ੱਫਰਨਗਰ ਤੇ ਸ਼ਨਿੱਚਰਵਾਰ ਨੂੰ ਮਥੁਰਾ ਵਿੱਚ ਜੁੜੀਆਂ ਮਹਾਪੰਚਾਇਤਾਂ ਮਗਰੋਂ ਇਹ ਕਿਸਾਨਾਂ ਦਾ ਤੀਜਾ ਇਕੱਠ ਸੀ, ਜਿਸ ਵਿੱਚ ਗਾਜ਼ੀਪੁਰ ਬਾਰਡਰ ’ਤੇ ਬੀਕੇਯੂ ਦੀ ਅਗਵਾਈ ’ਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਅਹਿਦ ਲਿਆ ਗਿਆ।
ਬੀਕੇਯੂ ਆਗੂ ਰਾਜਿੰਦਰ ਚੌਧਰੀ ਨੇ ਕਿਸਾਨਾਂ ਦੇ ਹਜੂਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਸੰਘਰਸ਼ ਆਪਣੀ ਪੂਰੀ ਤਾਕਤ ਨਾਲ ਜਾਰੀ ਰਹੇਗਾ।’ ਇਕੱਠ ’ਚ ਸ਼ਾਮਲ ਬੜੌਤ ਦੇ ਮੁਕਾਮੀ ਬਾਸ਼ਿੰਦੇ ਨੇ ਕਿਹਾ ਕਿ ‘ਮਹਾਪੰਚਾਇਤ’ ਨੇ 26 ਜਨਵਰੀ ਨੂੰ ਬਾਗਪਤ ਜ਼ਿਲ੍ਹੇ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੀ ਕਾਰਵਾਈ ’ਤੇ ਵੀ ਚਿੰਤਨ ਕੀਤਾ। ਐਤਵਾਰ ਦੀ ਇਸ ‘ਸਰਵ ਖਾਪ ਮਹਾਪੰਚਾਇਤ’ ਵਿੱਚ ਦੇਸ਼ ਖਾਪ ਦੇ ਚੌਧਰੀ ਸੁਰੇਂਦਰ ਸਿੰਘ ਤੇ ਚੌਬੀਸੀ ਖਾਪ ਦੇ ਚੌਧਰੀ ਸੁਭਾਸ਼ ਸਿੰਘ ਜਿਹੇ ਖੇਤਰੀ ਕਿਸਾਨ ਆਗੂ ਵੀ ਸ਼ਾਮਲ ਹੋਏ। ਇਸ ਮੌਕੇ ਅਜੀਤ ਸਿੰਘ ਦੀ ਅਗਵਾਈ ਹੇਠਲੇ ਰਾਸ਼ਟਰੀ ਲੋਕ ਦਲ ਦੇ ਹਮਾਇਤੀ ਵੀ ਮੌਜੂਦ ਸਨ। ਇਕ ਸਥਾਨਕ ਆਗੂ ਨੇ ਹਜੂਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਬੇਸ਼ੱਕ ਦਿੱਲੀ ਵਿੱਚ ਪੁਲੀਸ ਵਾਲਿਆਂ ਨੇ ਕਿਸਾਨਾਂ ਦੇ ਡੰਡੇ ਮਾਰੇ ਹਨ, ਪਰ ਅਸੀਂ ਅੱਜ ਵੀ ਬੋਲਦੇ ਹਾਂ ‘ਜੈ ਜਵਾਨ, ਜੈ ਕਿਸਾਨ’। ਜੋ ਕੁਝ ਹੋਇਆ, ਅਸੀਂ ਉਸ ਦਾ ਜਵਾਬ ਅਹਿੰਸਾ ਨਾਲ ਦੇਵਾਂਗੇ। ਧਰਨੇ ਵਾਲੀ ਥਾਂ ਬੈਠੇ ਸਾਡੇ ਆਗੂ ਤੇ ਪੰਚ ਜੋ ਵੀ ਫੈਸਲਾ ਲੈਣਗੇ, ਅਸੀਂ ਉਸ ਨੂੰ ਮੰਨਾਂਗੇ।’ -ਪੀਟੀਆਈ