ਪੱਤਰ ਪ੍ਰੇਰਕ
ਬਠਿੰਡਾ, 2 ਅਗਸਤ
ਇੱਥੇ ਅੱਜ ਸ਼ਹੀਦ ਮਨੀ ਸਿੰਘ ਸਰਕਾਰੀ ਹਸਪਤਾਲ ਵਿੱਚ ਆਪਣੀਆਂ ਮੰਗਾਂ ਨੂੰ ਅੱਖੋਂ ਪਰੋਖ ਕਰਨ ਤੋਂ ਖਫ਼ਾ ਹੁੰਦਿਆ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲ੍ਹਦਿਆ ਕੈਪਟਨ ਸਰਕਾਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਐੱਨਪੀਏ ਬਹਾਲ ਕਰਨ ਦੀ ਮੰਗ ਕੀਤੀ।
ਅੱਜ ਸਮੂਹ ਡਾਕਟਰਾਂ ਨੇ ਸਿਵਲ ਸਰਜਨ ਦਫ਼ਤਰ , ਐੱਸਐੱਮਓ ਦਫ਼ਤਰ ਅਤੇ ਡੀਐੱਸ ਦਫ਼ਤਰ ਨੂੰ ਤਾਲਾ ਜੜ ਕੇ ਆਪਣੀਆਂ ਭੱਖਦੀਆਂ ਮੰਗਾਂ ਸਬੰਧੀ ਧਰਨਾ ਸ਼ੁਰੂ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਪੀਸੀਐੱਮਐੱਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਗਰੂਪ ਸਿੰਘ ਨੇ ਕਿਹਾ ਕਿ ਸਟੇਟ ਕਮੇਟੀ ਦੇ ਸੱਦੇ ’ਤੇ ਅੱਜ ਡਾਕਟਰਾਂ ਨੂੰ ਮਜਬੂਰਨ ਫੇਰ ਓਪੀਡੀ ਬੰਦ ਕਰਨੀ ਪਈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ 40 ਦਿਨਾਂ ਤੋਂ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਦਾ ਵਿਰੋਧ ਕਰ ਰਹੇ ਹਨ ਪਰ ਸਰਕਾਰ ਡਾਕਟਰਾਂ ਦੀਆਂ ਮੰਗਾਂ ਲਈ ਗੰਭੀਰ ਨਹੀਂ। ਜ਼ਿਕਰਯੋਗ ਹੈ ਕਿ ਡਾਕਟਰਾਂ ਵੱਲੋਂ ਪੈਰਲਰ ਓਪੀਡੀ ਵੀ ਚਾਲੂ ਕੀਤੀ ਗਈ ਅਤੇ ਇਸ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਵੀ ਯੂਨੀਅਨ ਫ਼ੰਡ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ।
ਇਸ ਮੌਕੇ ਪੀਸੀਐੱਮਐੋੱਸ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਅੱਜ ਦਫ਼ਤਰ ਕੰਮਕਾਜ ਠੱਪ ਕੀਤਾ ਗਿਆ ਹੈ ਅਤੇ ਸਿਰਫ਼ ਐਮਰਜੈਂਸੀ ਮਰੀਜ਼ਾਂ ਨੂੰ ਹੀ ਚੈੱਕਅਪ ਕਰਨਗੇ ਅਤੇ ਆਮ ਬਿਮਾਰੀਆਂ ਦੇ ਮਰੀਜ਼ਾਂ ਨੂੰ ਚੈੱਕਅੱਪ ਨਹੀਂ ਕੀਤਾ ਜਾਵੇਗਾ । ਪੀਸੀਐਮਐਸ ਐਸੋਸੀਏਸ਼ਨ ਨੇ ਚੇਤਾਵਨੀ ਜਾਰੀ ਕੀਤੀ ਕਿ ਉਹ ਸੋਮਵਾਰ ਤੋਂ ਬੁੱਧਵਾਰ ਤੱਕ ਸੇਵਾਵਾਂ ਬੰਦ ਰੱਖਣਗੇ ਅਤੇ ਹਸਪਤਾਲ ਦੇ ਦਫ਼ਤਰੀ ਕਾਮਯਾਬ ਨੂੰ ਠੱਪ ਰੱਖਣਗੇ।
ਧਰਨੇ ਮੌਕੇ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ, ਡਾ ਸਤੀਸ਼ ਜਿੰਦਲ, ਡਾ.ਪ੍ਰਭਜੋਤ ਕੌਰ, ਡਾ ਰਿਚਾ, ਡਾ ਰਵਿੰਦਰ ਸਿੰਘ, ਡਾ ਸੀਮਾ ਗੁਪਤਾ , ਐੱਸਐੱਮਓ ਡਾ ਮਨਿੰਦਰ ਪਾਲ ਸਿੰਘ ਨੇ ਸੰਬੋਧਨ ਕੀਤਾ।
ਲੈਬਾਰਟਰੀਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਖ਼ਿਲਾਫ਼ ਧਰਨਾ
ਬਠਿੰਡਾ (ਪੱਤਰ ਪ੍ਰੇਰਕ): ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਵੱਲੋਂ ਅੱਜ ਭਾਈ ਮਨੀ ਸਿੰਘ ਹਸਪਤਾਲ ਬਠਿੰਡਾ ਵਿੱਚ ਧਰਨਾ ਲਾਇਆ ਗਿਆ। ਲੈਬਾਰਟਰੀਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਸਰਕਾਰੀ ਫੁਰਮਾਨ ਖਿਲਾਫ਼ ਪੂਰੇ ਪੰਜਾਬ ਦੇ ਵਿੱਚ 2 ਅਤੇ 3 ਅਗਸਤ ਨੂੰ ਐਮਰਜੈਂਸੀ ਸੇਵਾਵਾਂ ਛੱਡ ਕੇ ਬਾਕੀ ਸਾਰਾ ਕੰਮਕਾਜ ਠੱਪ ਕੀਤਾ ਗਿਆ। ਜਥੇਬੰਦੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ਨੂੰ ਦਰਸਨ ਸਿੰਘ ਪ੍ਰਧਾਨ, ਗਗਨਦੀਪ ਸਿੰਘ ਪ੍ਰਧਾਨ ਪੈਰਾਮੈਡੀਕਲ, ਜਸਵਿੰਦਰ ਸ਼ਰਮਾ ਜਨਰਲ ਸਕੱਤਰ ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ, ਕੁਲਵਿੰਦਰ ਸਿੰਘ ਫਾਰਮੇਸੀ ਐਸੋਸੀਏਸ਼ਨ ਹਾਜ਼ਰ ਸਨ।