ਦੇਸ਼ ਵਿਚ ਕਾਫ਼ੀ ਦੇਰ ਤੋਂ ਮੀਡੀਆ/ਪ੍ਰੈਸ ਦੀ ਭੂਮਿਕਾ ਬਾਰੇ ਬਹਿਸ ਛਿੜੀ ਹੋਈ ਹੈ। ਮੀਡੀਆ/ਪ੍ਰੈਸ ਜਿਸ ਨੂੰ ਜਮਹੂਰੀਅਤ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਬਾਰੇ ਇਹ ਬਹਿਸ-ਮੁਬਾਹਿਸਾ ਵੀ ਪ੍ਰੈਸ/ਮੀਡੀਆ ਵਿਚ ਹੀ ਹੋ ਰਿਹਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪ੍ਰੈਸ/ਮੀਡੀਆ ਖ਼ੁਦ ਆਪਣੀ ਭੂਮਿਕਾ ਬਾਰੇ ਬਹਿਸ ਕਰ ਰਿਹਾ ਹੈ। ਪਹਿਲਾਂ ਸਿਰਫ਼ ਰੋਜ਼ਾਨਾ ਅਖ਼ਬਾਰਾਂ, ਹਫ਼ਤਾਵਾਰੀ/ਪੰਦਰ-ਰੋਜ਼ਾ ਅਖ਼ਬਾਰਾਂ/ਰਸਾਲੇ ਅਤੇ ਰੇਡੀਓ ਨੂੰ ਮੀਡੀਆ ਕਿਹਾ ਜਾਂਦਾ ਸੀ। ਟੈਲੀਵਿਜ਼ਨ ਦੇ ਫੈਲਾਉ ਨਾਲ ਛਪਣ ਵਾਲੇ (ਪ੍ਰਿੰਟ) ਮੀਡੀਆ ਅਤੇ ਟੈਲੀਵਿਜ਼ਨ/ਰੇਡੀਓ (ਇਲੈਕਟ੍ਰਾਨਿਕ) ਮੀਡੀਆ ਵਿਚ ਫ਼ਰਕ ਕੀਤਾ ਜਾਣ ਲੱਗਾ। ਇੰਟਰਨੈੱਟ, ਯੂ-ਟਿਊੁਬ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ਕਾਰਨ ਇੰਟਰਨੈੱਟ ਮੀਡੀਆ ਹੋਂਦ ਵਿਚ ਆਇਆ। 18ਵੀਂ, 19ਵੀਂ ਅਤੇ 20ਵੀਂ ਸਦੀ ਵਿਚ ਪ੍ਰਿੰਟ ਮੀਡੀਆ ਨੇ ਵੱਡੀ ਸਿਆਸੀ ਅਤੇ ਸਮਾਜਿਕ ਭੂਮਿਕਾ ਨਿਭਾਈ। 21ਵੀਂ ਸਦੀ ਵਿਚ ਸੋਸ਼ਲ ਮੀਡੀਆ ਨਵੀਂ ਤਾਕਤ ਵਜੋਂ ਉੱਭਰਿਆ ਹੈ ਅਤੇ ਇਸ ਦੇ ਹੱਕ ਤੇ ਵਿਰੋਧ ਵਿਚ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਹਮਾਇਤੀਆਂ ਅਨੁਸਾਰ ਸੋਸ਼ਲ ਮੀਡੀਆ ਕਾਰਨ ਵੱਡੀ ਪੱਧਰ ’ਤੇ ਲੋਕਾਂ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਮਿਲੀ ਹੈ ਜਦੋਂਕਿ ਵਿਰੋਧੀਆਂ ਦਾ ਕਹਿਣਾ ਹੈ ਕਿ ਕੱਟੜਪੰਥੀ ਤਾਕਤਾਂ ਸੋਸ਼ਲ ਮੀਡੀਆ ਨੂੰ ਵਰਤ ਕੇ ਲੋਕਾਂ ਵਿਚ ਨਫ਼ਰਤ ਫੈਲਾ ਰਹੀਆਂ ਹਨ।
ਪਿਛਲੇ ਕੁਝ ਵਰ੍ਹਿਆਂ ਵਿਚ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਕਾਰਪੋਰੇਟ ਘਰਾਣਿਆਂ ਦਾ ਬੋਲਬਾਲਾ ਹੋਇਆ ਹੈ। ਵਿਕਸਿਤ ਦੇਸ਼ਾਂ ਵਿਚ ਇਸ ਵਰਤਾਰੇ ਦੇ ਬਾਵਜੂਦ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਨੂੰ ਇਕ ਖ਼ਾਸ ਤਰ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਇਸ ਲਈ ਨਿਭਾਉਣੀ ਪੈਂਦੀ ਹੈ ਕਿਉਂਕਿ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਧਰਮ ਨਿਰਪੱਖ ਅਤੇ ਉਦਾਰਵਾਦੀ ਲੋਕ ਆਪਣੀਆਂ ਅਖ਼ਬਾਰਾਂ ਤੇ ਟੈਲੀਵਿਜ਼ਨ ਚੈਨਲਾਂ ਤੋਂ ਨਿਰਪੱਖ ਅਤੇ ਸੱਤਾ ਦੇ ਵਿਰੁੱਧ (anti-establishment) ਹੋਣ ਦੀ ਉਮੀਦ ਰੱਖਦੇ ਹਨ। ਇਹ ਵਰਤਾਰਾ ਵੀ ਭਾਵੇਂ ਕਾਰਪੋਰੇਟਾਂ ਦੀ ਮੁਨਾਫ਼ਾ ਕਮਾਉਣ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ, ਫਿਰ ਵੀ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਨੂੰ ਖ਼ਬਰਾਂ ਦੇਣ ਵਿਚ ਤਵਾਜ਼ਨ ਕਾਇਮ ਰੱਖਣਾ ਪੈਂਦਾ ਹੈ। ਉਨ੍ਹਾਂ ਦੇਸ਼ਾਂ ਦੇ ਕੁਝ ਕਾਰਪੋਰੇਟ ਘਰਾਣਿਆਂ ਨੇ ਕਈ ਵਾਰ ਤਾਕਤਵਰ ਰਾਸ਼ਟਰਪਤੀਆਂ ਅਤੇ ਹੋਰ ਸਿਆਸੀ ਆਗੂਆਂ ਨੂੰ ਬੇਪਰਦ ਕਰਨ ਦੀ ਹਿੰਮਤ ਵੀ ਦਿਖਾਈ ਹੈ। ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਕਾਰਪੋਰੇਟ ਅਦਾਰੇ ਇਸ ਤਰ੍ਹਾਂ ਕਰ ਕੇ ਆਪਣਾ ਅਕਸ ਸੁਧਾਰਨ, ਵਪਾਰ ਵਧਾਉਣ ਅਤੇ ਕਾਰਪੋਰੇਟ ਹਿੱਤਾਂ ਨੂੰ ਯਕੀਨੀ ਬਣਾਉਣ ਦੀ ਦੂਰਗਾਮੀ ਖੇਡ ਖੇਡਦੇ ਹਨ ਪਰ ਉਨ੍ਹਾਂ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੀ ਲੋਕ-ਪੱਖੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਾਡੇ ਦੇਸ਼ ’ਚ ਇਹ ਵਰਤਾਰਾ ਉਲਟ ਵਾਪਰਿਆ ਹੈ। ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਵਿਚ ਨਫ਼ਰਤ ਫੈਲਾਉਣ ਅਤੇ ਹਿੰਸਾ ਭੜਕਾਉਣ ਵਾਲੇ ਤੱਤਾਂ ਨੂੰ ਸ਼ਹਿ ਮਿਲੀ ਹੈ। ਟੈਲੀਵਿਜ਼ਨ ਚੈਨਲਾਂ ’ਤੇ ਐਂਕਰ ਬਹਿਸ ਲਈ ਜਜ਼ਬਾਤੀ ਮੁੱਦੇ ਚੁਣਦੇ ਅਤੇ ਲੋਕ-ਹਿੱਤਾਂ ਵਾਲੇ ਮੁੱਦੇ ਵਿਸਾਰਦੇ ਹਨ। ਇਸ ਤਰ੍ਹਾਂ ਇਹ ਟੀਵੀ ਚੈਨਲ ਆਪਾ-ਮਾਰੂ ਖੇਡ ਖੇਡਦੇ ਹਨ ਜਿਸ ਨਾਲ ਇਹ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਵੇਖਣ ਵਾਲਿਆਂ ਦੀ ਗਿਣਤੀ (ਟੀਆਰਪੀ) ਸੀਮਤ ਸਮੇਂ ਲਈ ਵਧ ਜਾਵੇ ਪਰ ਮੀਡੀਆ ਤੇ ਟੈਲੀਵਿਜ਼ਨ ਚੈਨਲਾਂ ਦੀ ਸਾਖ਼ ਗਿਰਦੀ ਹੈ। ਅਜਿਹੇ ਮੀਡੀਆ ਨੂੰ ‘ਗੋਦੀ ਮੀਡੀਆ’ ਦਾ ਨਾਂ ਦਿੱਤਾ ਗਿਆ ਹੈ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਸਿਰਫ਼ ਐਂਕਰ ਜਾਂ ਖ਼ਬਰਾਂ ਦੇਣ ਵਾਲੇ ਪੱਤਰਕਾਰ ਇਸ ਵਰਤਾਰੇ ਲਈ ਜ਼ਿੰਮੇਵਾਰ ਨਹੀਂ ਹਨ; ਜ਼ਿੰਮੇਵਾਰੀ ਇਨ੍ਹਾਂ ਚੈਨਲਾਂ ਦੇ ਮਾਲਕਾਂ ਦੀ ਹੈ। ਐਂਕਰ ਅਤੇ ਪੱਤਰਕਾਰ ਤਨਖ਼ਾਹ ’ਤੇ ਕੰਮ ਕਰਨ ਵਾਲੇ ਕਰਮਚਾਰੀ ਹਨ। ਕੁਝ ਐਂਕਰਾਂ ਨੂੰ ਛੱਡ ਕੇ ਬਾਕੀ ਦੇ ਪੱਤਰਕਾਰਾਂ ਅਤੇ ਕਰਮਚਾਰੀਆਂ ਨੂੰ ਸੀਮਤ ਤਨਖ਼ਾਹਾਂ ਮਿਲਦੀਆਂ ਹਨ ਅਤੇ ਉਹ ਆਰਥਿਕ ਪੱਖ ਤੋਂ ਇਹ ਕੰਮ ਕਰਨ ਲਈ ਮਜਬੂਰ ਹਨ। ਅਜਿਹੇ ਹਾਲਾਤ ਵਿਚ ਲੋਕ-ਪੱਖੀ ਤਾਕਤਾਂ ਨੂੰ ਇੰਟਰਨੈੱਟ ਉੱਤੇ ਯੂ-ਟਿਊਬ ਅਤੇ ਹੋਰ ਪਲੇਟਫਾਰਮਾਂ ’ਤੇ ਆਪਣੇ ਚੈਨਲ ਚਲਾਉਣੇ ਚਾਹੀਦੇ ਹਨ ਤਾਂ ਕਿ ਲੋਕ-ਵਿਰੋਧੀ ਅਤੇ ਨਫ਼ਰਤ ਭੜਕਾਉਣ ਵਾਲੇ ਪ੍ਰਚਾਰ ਦਾ ਸਾਹਮਣਾ ਕੀਤਾ ਜਾ ਸਕੇ। ਕਾਰਲ ਮਾਰਕਸ ਨੇ ਲਿਖਿਆ ਸੀ, ‘‘ਪ੍ਰੈਸ ਦੀ ਆਜ਼ਾਦੀ ਹੀ ਆਜ਼ਾਦੀ ਦਾ ਪ੍ਰਤੱਖ ਰੂਪ ਹੈ ਜਦੋਂਕਿ ਪ੍ਰੈਸ ਦੀ ਆਜ਼ਾਦੀ ’ਤੇ ਰੋਕ ਲਗਾਉਣੀ ਗ਼ੁਲਾਮੀ ਦੀ ਅਲਾਮਤ।’’ ਬਦਲੇ ਹੋਏ ਹਾਲਾਤ ਵਿਚ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਭਵਿੱਖ ਵਿਚ ਲੋਕ-ਪੱਖੀ ਅਤੇ ਜਮਹੂਰੀ ਤਾਕਤਾਂ ਨੂੰ ਨਵੇਂ ਤੌਰ-ਤਰੀਕੇ ਅਪਣਾਉਣੇ ਪੈਣਗੇ।