ਮੰਗਲੂਰੂ/ਬੰਗਲੂਰੂ, 27 ਜੁਲਾਈ
ਭਾਜਪਾ ਯੁਵਾ ਮੋਰਚਾ ਮੈਂਬਰ ਪ੍ਰਵੀਨ ਨੇਟਾਰ ਦੀ ਹੱਤਿਆ ਮਗਰੋਂ ਦੱਖਣੀ ਕੰਨੜ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਹੱਤਿਆ ਦੇ ਵਿਰੋਧ ’ਚ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਕਈ ਥਾਵਾਂ ’ਤੇ ਪਥਰਾਅ ਅਤੇ ਪੁਲੀਸ ਲਾਠੀਚਾਰਜ ਦੀਆਂ ਘਟਨਾਵਾਂ ਵਾਪਰੀਆਂ।
ਸੰਘ ਪਰਿਵਾਰ ਨੇ ਪੁਤੂਰ, ਕਦਾਬਾ ਅਤੇ ਸੂਲੀਆ ’ਚ ਬੰਦ ਦਾ ਸੱਦਾ ਦਿੱਤਾ ਸੀ। ਪ੍ਰਵੀਨ ਦੀ ਮੰਗਲਵਾਰ ਰਾਤ ਮੋਟਰਸਾਈਕਲ ’ਤੇ ਆਏ ਤਿੰਨ ਵਿਅਕਤੀਆਂ ਨੇ ਬੇਲਾਰੇ ’ਚ ਉਸ ਦੀ ਦੁਕਾਨ ਦੇ ਬਾਹਰ ਹੱਤਿਆ ਕਰ ਦਿੱਤੀ ਸੀ। ਪੁਲੀਸ ਮੁਤਾਬਕ ਪ੍ਰਵੀਨ ਜਦੋਂ ਆਪਣੀ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ ਤਾਂ ਉਸ ’ਤੇ ਹਮਲਾ ਹੋਇਆ। ਉਸ ਨੇ ਭੱਜ ਕੇ ਬਚਣ ਦੀ ਕੋਸ਼ਿਸ਼ ਕੀਤੀ ਪਰ ਉਹ ਸਿਰ ’ਚ ਸੱਟ ਵੱਜਣ ਕਾਰਨ ਡਿੱਗ ਗਿਆ। ਸਥਾਨਕ ਲੋਕਾਂ ਨੇ ਤੁਰੰਤ ਪੁਲੀਸ ਨੂੰ ਹਮਲੇ ਦੀ ਜਾਣਕਾਰੀ ਦਿੱਤੀ। ਪੁਲੀਸ ਉਸ ਨੂੰ ਹਸਪਤਾਲ ਲੈ ਕੇ ਗਈ ਪਰ ਉਸ ਨੇ ਰਾਹ ’ਚ ਹੀ ਦਮ ਤੋੜ ਦਿੱਤਾ। ਬੰਦ ਦੌਰਾਨ ਕੁਝ ਥਾਵਾਂ ’ਤੇ ਸਰਕਾਰੀ ਬੱਸਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪੁਤੂਰ ਤੋਂ ਮੰਗਲੂਰੂ ਜਾ ਰਹੀ ਬੱਸ ਪਥਰਾਅ ਕਾਰਨ ਨੁਕਸਾਨੀ ਗਈ। ਇਸ ਦੌਰਾਨ ਭਾਜਪਾ ਵਰਕਰ ਦੀ ਦੇਹ ਨੂੰ ਸੰਘ ਵਰਕਰਾਂ ਵੱਲੋਂ ਉਸ ਦੇ ਪਿੰਡ ਨੇਟਾਰੂ ਲਿਜਾਇਆ ਗਿਆ, ਜਿੱਥੇ ਉਸ ਦਾ ਸਸਕਾਰ ਕਰ ਦਿੱਤਾ ਗਿਆ।
ਬੇਲਾਰੇ ’ਚ ਵੱਖ ਵੱਖ ਹਿੰਦੂ ਜਥੇਬੰਦੀਆਂ ਦੇ ਸੈਂਕੜੇ ਵਰਕਰ ਇਕੱਠੇ ਹੋ ਗਏ ਅਤੇ ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਹੱਤਿਆ ਤੋਂ ਬਾਅਦ ਸੰਵੇਦਨਸ਼ੀਲ ਜ਼ਿਲ੍ਹੇ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲੀਸ ਨੇ ਦੋਸ਼ੀਆਂ ਨੂੰ ਫੜਨ ਲਈ ਚਾਰ ਟੀਮਾਂ ਬਣਾਈਆਂ ਹਨ। ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਹੱਤਿਆ ਦੀ ਨਿਖੇਧੀ ਕਰਦਿਆਂ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਘਟਨਾ ਕੇਰਲਾ ਸਰਹੱਦ ਨਾਲ ਲਗਦੇ ਇਲਾਕੇ ’ਚ ਹੋਈ ਹੈ ਅਤੇ ਕਰਨਾਟਕ ਪੁਲੀਸ ਉਸ ਸੂਬੇ ਦੀ ਪੁਲੀਸ ਦੇ ਸੰਪਰਕ ’ਚ ਵੀ ਹੈ।
ਗ੍ਰਹਿ ਮੰਤਰੀ ਅਰਗਾ ਗਿਆਨੇਂਦਰ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਸਲਾਹ ਮਗਰੋਂ ਪੁਲੀਸ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। -ਪੀਟੀਆਈ