ਦੀਪਕ ਠਾਕੁਰ
ਤਲਵਾੜਾ, 15 ਨਵੰਬਰ
ਇੱਥੇ ਦੇਰ ਸ਼ਾਮ ਸਥਾਨਕ ਨਗਰ ਪੰਚਾਇਤ ਦੀ ਮਹਿਲਾ ਪ੍ਰਧਾਨ ਮੋਨਿਕਾ ਸ਼ਰਮਾ ਦੀ ਕਾਰਗੁਜ਼ਾਰੀ ਤੋਂ ਖ਼ਫ਼ਾ ਅੱਠ ਕਾਂਗਰਸੀ ਵਾਰਡ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਪ੍ਰਧਾਨ ਮੋਨਿਕਾ ਸ਼ਰਮਾ ਨੂੰ ਹਲ਼ਕਾ ਵਿਧਾਇਕ ਦੀ ਨਜ਼ਦੀਕੀ ਸਮਝਿਆ ਜਾਂਦਾ ਹੈ। 13 ਮੈਂਬਰੀ ਨਗਰ ਪੰਚਾਇਤ ਤਲਵਾੜਾ ਵਿਚ 12 ਸੀਟਾਂ ’ਤੇ ਕਾਂਗਰਸ ਅਤੇ ਇੱਕ ’ਤੇ ਭਾਜਪਾ ਦੇ ਵਾਰਡ ਮੈਂਬਰ ਕਾਬਜ਼ ਹਨ।
ਪੰਜਾਬੀ ਟ੍ਰਿਬਿਊਨ ਕੋਲ਼ ਮੌਜੂਦ ਅੱਠ ਵਾਰਡ ਮੈਂਬਰਾਂ ਦੇ ਲਿਖਤੀ ਅਸਤੀਫ਼ੇ ਵਿਚ ਚਾਰ ਮਹਿਲਾ ਤੇ ਚਾਰ ਹੀ ਪੁਰਸ਼ ਵਾਰਡ ਮੈਂਬਰ ਹਨ, ਜਿਨ੍ਹਾਂ ਆਪਣੇ ਅਸਤੀਫ਼ੇ ਵਿਚ ਪ੍ਰਧਾਨ ਮੋਨਿਕਾ ਸ਼ਰਮਾ ’ਤੇ ਰਾਜਨੀਤਕ, ਸਮਾਜਿਕ, ਕੂਟਨੀਤਕ ਤੇ ਲੀਡਰਸ਼ਿਪ ਦੀਆਂ ਕਮੀਆਂ ਦੇ ਚੱਲਦਿਆਂ ਆਪਣਾ ਅਸਤੀਫ਼ਾ ਦੇਣ ਦੀ ਗੱਲ ਕਹੀ ਹੈ। ਬਾਗ਼ੀ ਵਾਰਡ ਮੈਂਬਰਾਂ ਨੇ ਪ੍ਰਧਾਨ ਸ਼ਰਮਾ ’ਤੇ ਸ਼ਹਿਰ ਵਿਚ ਵਿਕਾਸ ਅਤੇ ਜਨ ਕਲਿਆਣ ਯੋਜਨਾਵਾਂ ਨੂੰ ਉਨ੍ਹਾਂ ਦੇ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ ਹਨ। ਮੀਡੀਆ ਨਾਲ ਮੁਖਾਤਬਿ ਹੁੰਦਿਆਂ ਬਾਗ਼ੀ ਵਾਰਡ ਮੈਂਬਰ ਸੁਰਿੰਦਰ ਕੌਰ, ਪਰਮਿੰਦਰ ਕੌਰ, ਸ਼ੈਲੀ ਆਨੰਦ, ਸੁਮਨ ਦੁਆ, ਮੁਨੀਸ਼ ਚੱਡਾ, ਵਿਕਾਸ ਚੰਦਰ ਗੋਗਾ, ਦੀਪਕ ਅਰੋੜਾ ਤੇ ਤਰਨਜੀਤ ਸਿੰਘ ਬੌਬੀ ਨੇ ਕਿਹਾ ਕਿ ਉਨ੍ਹਾਂ ਇਹ ਫ਼ੈਸਲਾ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਅਰੁਣ ਡੋਗਰਾ ਨੂੰ ਰਾਜਨੀਤਕ ਨੁਕਸਾਨ ਤੋਂ ਬਚਾਉਣ ਲਈ ਲਿਆ ਗਿਆ ਹੈ। ਉਨ੍ਹਾਂ ਮੋਨਿਕਾ ਸ਼ਰਮਾ ਦੇ ਅਹੁਦੇ ’ਤੇ ਬਣੇ ਰਹਿਣ ਤੱਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਗੱਲ ਕਹੀ।
ਖ਼ਬਰ ਲਿਖੇ ਜਾਣ ਤੱਕ ਵਿਧਾਇਕ ਅਰੁਣ ਡੋਗਰਾ ਪ੍ਰਧਾਨ ਮੋਨਿਕਾ ਸ਼ਰਮਾ ਤੇ ਬਾਗ਼ੀ ਵਾਰਡ ਮੈਂਬਰਾਂ ਵਿਚ ਸੁਲ੍ਹਾ ਸਫ਼ਾਈ ਕਰਵਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਸਨ।