ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 15 ਅਕਤੂਬਰ
ਸਤਲੁਜ ਦਰਿਆ ਵਿੱਚ ਲੰਘੀ ਰਾਤ ਤੋਂ ਪਾਣੀ ਦਾ ਪੱਧਰ ਵਧਣ ਲੱਗਾ ਹੈ, ਜਿਸ ਕਰ ਕੇ ਦਰਿਆ ਕੰਢੇ ਵੱਸਦੇ ਪਿੰਡਾਂ ਦੇ ਲੋਕਾਂ ਵਿੱਚ ਘਬਰਾਹਟ ਦੇਖਣ ਨੂੰ ਮਿਲੀ ਹੈ। ਧੁੱਸੀ ਬੰਨ੍ਹ ਦੇ ਅੰਦਰ ਸੈਂਕੜੇ ਏਕੜ ਝੋਨੇ ਦੀ ਤਿਆਰ ਫ਼ਸਲ ’ਚ ਦੋ-ਦੋ ਫੁੱਟ ਦੇ ਕਰੀਬ ਪਾਣੀ ਭਰ ਗਿਆ ਹੈ ਜਿਸ ਨਾਲ ਕਿਸਾਨਾਂ ਵਿੱਚ ਘਬਰਾਹਟ ਪਾਈ ਜਾ ਰਹੀ ਹੈ। ਦਰਿਆ ਵਿੱਚ ਵਧਦੇ ਪਾਣੀ ਦੇ ਮੱਦੇਨਜ਼ਰ ਅੱਜ ਸਬੰਧਤ ਪਿੰਡਾਂ ਦੇ ਕਿਸਾਨਾਂ ਨੇ ਆਪਣੀ ਕੱਚੀ ਪੱਕੀ ਝੋਨੇ ਦੀ ਫ਼ਸਲ ਦੀ ਸਾਂਭ ਸੰਭਾਲ ਲਈ ਕੰਬਾਈਨਾਂ ਲਗਾ ਕੇ ਫ਼ਸਲ ਨੂੰ ਸਾਂਭਣ ਦੇ ਯਤਨ ਆਰੰਭ ਦਿੱਤੇ।
‘ਆਪ’ ਆਗੂ ਅਤੇ ਪਿੰਡ ਰਾਊਵਾਲਾ ਦੇ ਕਿਸਾਨ ਗੁਰਜੰਟ ਸਿੰਘ ਕੰਗ ਨੇ ਦੱਸਿਆ ਕਿ ਧਰਮਕੋਟ ਹਲਕੇ ਦੇ ਕਈ ਪਿੰਡਾਂ ਦਾ ਰਕਬਾ ਜੋ ਕਿ ਸਤਲੁਜ ਦਰਿਆ ਅਤੇ ਧੁੱਸੀ ਬੰਨ੍ਹ ਵਿਚਾਲੇ ਪੈਂਦਾ ਹੈ ਪੂਰੀ ਤਰ੍ਹਾਂ ਦਰਿਆ ਦੇ ਪਾਣੀ ਨਾਲ ਘਿਰ ਗਿਆ ਹੈ। ਉਨ੍ਹਾਂ ਦੱਸਿਆ ਕਿ ਲੰਘੇ ਕੱਲ੍ਹ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਏਡੀਸੀ ਮੋਗਾ ਵੱਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਮਜ਼ਬੂਤ ਹੈ ਤੇ ਬੰਨ੍ਹ ਨੂੰ ਕੋਈ ਖਤਰਾ ਨਹੀਂ ਹੈ ਪਰ ਨੀਵੀਆਂ ਥਾਵਾਂ ’ਤੇ ਦਰਿਆ ਦਾ ਪਾਣੀ ਭਰਨਾ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਸਦਕਾ ਸਤਲੁਜ ਦਰਿਆ ਵਿੱਚ ਵਾਧੂ ਪਾਣੀ ਛੱਡਿਆ ਗਿਆ ਹੈ। ਉੱਧਰ, ਸਤਲੁਜ ਦਰਿਆ ਵਿੱਚ ਪਾਣੀ ਦੇ ਪੱਧਰ ਦੀ ਸਥਿਤੀ ਜਾਣਨ ਲਈ ਧਰਮਕੋਟ ਦੇ ਉਪ ਮੰਡਲ ਅਧਿਕਾਰੀ ਸਣੇ ਕਈ ਅਧਿਕਾਰੀਆਂ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਝੁਨੀਰ ਦੇ ਪਿੰਡਾਂ ਵਿੱਚ ਮੀਂਹ ਦੇ ਪਾਣੀ ਕਾਰਨ ਝੋਨੇ ਦੀ ਫਸਲ ਹੋਈ ਬਰਬਾਦ
ਝਨੀਰ (ਜੀਵਨ ਸਿੰਘ ਕ੍ਰਾਂਤੀ): ਕਸਬਾ ਝੁਨੀਰ ਦੇ ਪਿੰਡ ਕੁਸਲਾ ਦੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਮੀਂਹ ਦੇ ਪਾਣੀ ਵਿੱਚ ਡੁੱਬੀਆਂ ਪਈਆਂ ਹਨ। ਮੁਸੀਬਤਾਂ ’ਚ ਘਿਰੇ ਕਿਸਾਨਾਂ ਨੇ ਸਰਕਾਰਾਂ ਵੱਲੋਂ ਬਾਂਹ ਨਾ ਫੜੇ ਜਾਣ ਦੇ ਦੋਸ਼ ਲਗਾਏ ਹਨ। ਚੋਣਾਂ ਤੋਂ ਪਹਿਲਾਂ ਆਉਣ ਵਾਲੇ ਮੁਸੀਬਤ ਪੈਣ ’ਤੇ ਸਾਰ ਨਾ ਲੈਣ ਵਾਲੇ ਸਿਆਸੀ ਆਗੂਆਂ ਨੂੰ ਕਿਸਾਨ ਕੋਸ ਰਹੇ ਹਨ।
ਪਿੰਡ ਦੇ ਨੌਜਵਾਨ ਰਾਮ ਸਿੰਘ ਤੇ ਗੁਰਜੀਤ ਸਿੰਘ ਜੀਤੀ ਨੇ ਕਿਹਾ ਕਿ ਪਹਿਲਾਂ ਜੁਲਾਈ ਮਹੀਨੇ ਵਿੱਚ ਝੋਨਾ ਡੁੱਬ ਗਿਆ ਅਤੇ ਦੂਜੀ ਵਾਰ ਮੀਂਹ ਆਉਣ ਕਰ ਕੇ ਕਣਕ ਵੀ ਨਹੀਂ ਬੀਜੀ ਗਈ। ਕਿਸਾਨ ਹਰਦੀਪ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੋਈ ਕਿਸਾਨ ਵੈਨ ਚਲਾ ਰਿਹਾ ਹੈ ਤਾਂ ਕੋਈ ਕੰਬਾਈਨ ’ਤੇ ਲੱਗਾ ਹੋਇਆ ਹੈ ਅਤੇ ਉਹ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਮੰਗ ਡਰੇਨ ਦੀ ਹੈ ਤਾਂ ਜੋ ਪੱਕੇ ਤੌਰ ’ਤੇ ਕੋਈ ਹੱਲ ਹੋ ਸਕੇ। ਪਿੰਡ ਕੁਸਲਾ ਦੇ ਹਰਦੀਪ ਸਿੰਘ, ਯਾਦਵਿੰਦਰ, ਗੁਰਜੀਤ ਸਿੰਘ, ਅਰਸ਼ਦੀਪ ਸਿੰਘ, ਨਛੱਤਰ ਸਿੰਘ ਤੇ ਗੁਰਜੰਟ ਸਿੰਘ ਨੇ ਕਿਹਾ ਕਿ ਮੀਂਹ ਦੇ ਪਾਣੀ ਕਾਰਨ ਉਨ੍ਹਾਂ ਦੀ ਝੋਨੇ ਦੀ ਫਸਲ ਤਾਂ ਬਰਬਾਦ ਹੋ ਹੀ ਗਈ ਹੈ ਤੇ ਅੱਗੇ ਕਣਕ ਦਾ ਬੀਜ ਬੀਜੇ ਜਾਣ ਦੀ ਵੀ ਆਸ ਨਹੀਂ ਹੈ ਕਿਉਂਕਿ ਮੀਂਹ ਦਾ ਕਈ ਕਈ ਫੁੱਟ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਅਜੇ ਵੀ ਖੜ੍ਹਾ ਹੈ।
ਗੁਰਜੰਟ ਸਿੰਘ ਅਤੇ ਹਰਪਾਲ ਸਿੰਘ ਨੇ ਕਿਹਾ ਕਿ ਸਿਆਸੀ ਲੋਕ ਵੋਟਾਂ ਵੇਲੇ ਆਉਂਦੇ ਹਨ, ਮਸਲੇ ਹੱਲ ਕਰਵਾਉਣ ਦੀ ਗੱਲ ਵੀ ਆਖਦੇ ਹਨ। ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਉਨ੍ਹਾਂ ਨੂੰ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਗਏ ਸਨ ਪਰ ਜਿਉਂ ਹੀ ਸੱਤਾ ਹਾਸਲ ਹੋਈ, ਉਸ ਮਗਰੋਂ ਉਨ੍ਹਾਂ ਦੀ ਸਾਰ ਲੈਣ ਲਈ ਕੋਈ ਸਿਆਸੀ ਲੀਡਰ ਜਾਂ ਸਰਕਾਰੀ ਅਧਿਕਾਰੀ ਨਹੀਂ ਆਇਆ। ਪਿੰਡ ਕੁਸਲਾ ਦੇ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਖ਼ਰਾਬ ਹੋਈ ਫਸਲ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਭੱਖ ਸਕਣ।