ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 2 ਅਗਸਤ
ਪੰਜਾਬ ਸਰਕਾਰ ਵਲੋਂ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦੇ ਐਲਾਨ ਤੋਂ ਬਾਅਦ ਅੱਜ ਵਿਦਿਆਰਥੀਆਂ ਦੀ ਆਮਦ ਨਾਲ ਸਕੂਲਾਂ ਵਿੱਚ ਫਿਰ ਤੋਂ ਰੌਣਕਾਂ ਪਰਤ ਆਈਆਂ। ਬੇਸ਼ੱਕ ਅਧਿਆਪਕ ਤਾਂ ਪਹਿਲਾਂ ਹੀ ਸਕੂਲਾਂ ਵਿੱਚ ਆਉਂਦੇ ਸਨ, ਪਰ ਵਿਦਿਆਰਥੀਆਂ ਦੇ ਆਉਣ ਨਾਲ ਅਧਿਆਪਕਾਂ ਦੇ ਚਿਹਰੇ ਵੀ ਖਿੜੇ-ਖਿੜੇ ਵਿਖਾਈ ਦਿੱਤੇ। ਵਿਦਿਆਰਥੀਆਂ ਦੀ ਆਮਦ ਦਾ ਪਹਿਲਾ ਦਿਨ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਦੀ ਹਾਜ਼ਰੀ ਚੰਗੀ ਰਹੀ।
ਤਰਨ ਤਾਰਨ (ਪੱਤਰ ਪ੍ਰੇਰਕ): ਸਕੂਲਾਂ ਦੀਆਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਅੱਜ ਤੋਂ ਸਕੂਲਾਂ ਦੇ ਫਿਰ ਤੋਂ ਖੁੱਲ੍ਹਣ ਦਾ ਚਾਰ ਚੁਫੇਰਿਓਂ ਸਵਾਗਤ ਕੀਤਾ ਗਿਆ ਹੈ| ਤਰਨ ਤਾਰਨ ਸ਼ਹਿਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਨਾਨਕਸਰ ਦੀ ਮੁੱਖ ਅਧਿਆਪਕਾ ਰਾਜਵਿੰਦਰ ਕੌਰ ਨੇ ਦੱਸਿਆ ਕਿ ਅੱਜ ਸਕੂਲ ਵਿੱਚ 49 ਫ਼ੀਸਦ ਵਿਦਿਆਰਥੀ ਆਏ ਹਨ| ਡਿਪਟੀ ਜਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੱਜ ਚੁਤਾਲਾ, ਮਲੀਆ, ਨੌਸ਼ਹਿਰਾ ਪੰਨੂੰਆਂ ਅਤੇ ਪੰਡੋਰੀ ਗੋਲਾ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਦਾ ਨਿਰੀਖਣ ਕੀਤਾ| ਉਨ੍ਹਾਂ ਕਿਹਾ ਕਿ ਚੁਤਾਲਾ ਸਕੂਲ ਵਿੱਚ ਬੱਚਿਆਂ ਨੂੰ ਮਾਸਕ, ਕਾਪੀਆਂ ਤੇ ਪੈਨ ਵੰਡੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ ਦੇ ਪ੍ਰਿੰਸੀਪਲ ਸੁਖਮੰਦਰ ਸਿੰਘ ਨੇ ਦੱਸਿਆ ਕਿ ਅੱਜ ਵਿਦਿਆਰਥੀਆਂ ਦੀ ਹਾਜ਼ਰੀ ਵਧ ਕੇ 40 ਫ਼ੀਸਦ ਤੱਕ ਚਲੇ ਗਈ|
ਹੁਸ਼ਿਆਰਪੁਰ (ਪੱਤਰ ਪ੍ਰੇਰਕ):ਇੱਥੇ ਅੱਜ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹ ਦਿੱਤੇ ਜਾਣ ’ਤੇ ਪੂਰੇ ਉਤਸ਼ਾਹ ਨਾਲ ਵਿਦਿਆਰਥੀ ਸਕੂਲ ਆਏ। ਜ਼ਿਲ੍ਹਾ ਸਿਖਿਆ ਅਧਿਕਾਰੀ (ਸ) ਗੁਰਸ਼ਰਨ ਸਿੰਘ ਅਤੇ ਜ਼ਿਲ੍ਹਾ ਸਿਖਿਆ ਅਧਿਕਾਰੀ (ਅ) ਸੰਜੀਵ ਗੌਤਮ ਨੇ ਦੱਸਿਆ ਕਿ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਸਕੂਲ ਆਉਣਾ ਸ਼ੁਰੂ ਕਰ ਦਿੱਤਾ ਹੈ।