ਜਸਬੀਰ ਸਿੰਘ ਚਾਨਾ
ਫਗਵਾੜਾ, 2 ਅਗਸਤ
ਫਗਵਾੜਾ ਪੁਲੀਸ ਨੇ ਭਾਰਤ ਤੇ ਨੇਪਾਲ ’ਚ ਗਾਂਜੇ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 15 ਕਿਲੋ ਗਾਂਜਾ ਬਰਾਮਦ ਕਰਕੇ ਐੱਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਅਵਤਾਰ ਸਿੰਘ ਵਾਸੀ ਭਾਗਲਪੁਰ (ਬਿਹਾਰ) ਜੋ ਹੁਣ ਜਲੰਧਰ ਦੇ ਅਸ਼ੋਕ ਨਗਰ ਵਿੱਚ ਰਹਿੰਦਾ ਹੈ, ਲਖਵਿੰਦਰ ਸਿੰਘ ਉਰਫ ਗੋਰਾ ਵਾਸੀ ਛੋਟਾ ਸੁਰਤਾਪੁਰ, ਰੂਪਨਗਰ ਅਤੇ ਅਤੇ ਗੁਰਪ੍ਰੀਤ ਸਿੰਘ ਵਾਸੀ ਰਸੂਲਪੁਰ ਰੂਪਨਗਰ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਫਗਵਾੜਾ ਦੇ ਮੁਖੀ ਇੰਸਪੈਕਟਰ ਸਿਕੰਦਰ ਸਿੰਘ, ਏਐੱਸਆਈ ਪਰਮਜੀਤ ਸਿੰਘ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਬਾਈਪਾਸ ਲਾਗਿਉਂ ਗਸ਼ਤ ਦੌਰਾਨ ਨਵਾਂਸ਼ਹਿਰ ਵਲੋਂ ਆ ਰਹੀ ਇੱਕ ਨਿੱਜੀ ਯਾਤਰੀ ਬੱਸ (ਪੀਬੀ 12-ਜੇ -9252) ਨੂੰ ਰੋਕਿਆ ਤੇ ਮੁਲਜ਼ਮ ਦੁਆਰਾ ਬੱਸ ’ਚ ਲਿਜਾਏ ਜਾ ਰਹੇ ਪਲਾਸਟਿਕ ਦੇ ਪੈਕੇਟ ’ਚ ਲੁਕੋਇਆ 15 ਕਿਲੋ ਗਾਂਜਾ ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮ ਅਵਤਾਰ ਸਿੰਘ ਨੇ ਮੰਨਿਆ ਕਿ ਇਹ ਨਸ਼ੀਲਾ ਪਦਾਰਥ (ਗਾਂਜਾ) ਨੇਪਾਲ ਤੋਂ ਭਾਰਤ ’ਚ ਉਸ ਦੇ ਜ਼ਿਲ੍ਹੇ ਭਾਗਲਪੁਰ, ਬਿਹਾਰ ’ਚ ਪਹੁੰਚਿਆ ਸੀ ਜੋ ਅੰਤਰਰਾਸ਼ਟਰੀ ਸੀਮਾ ਤੋਂ ਸਿਰਫ਼ 200 ਕਿਲੋਮੀਟਰ ਦੂਰ ਹੈ।