ਆਤਿਸ਼ ਗੁਪਤਾ
ਚੰਡੀਗੜ੍ਹ, 19 ਅਕਤੂਬਰ
ਇਥੇ ਟ੍ਰਿਬਿਊਨ ਚੌਕ ’ਤੇ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਨਵੀਂ ਪਹਿਲਕਦਮੀ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਜ਼ੀਰਕਪੁਰ ਵੱਲੋਂ ਆਊਣ ਵੇਲੇ ਟ੍ਰਿਬਿਊਨ ਚੌਕ ਤੋਂ ਪਹਿਲਾਂ ਆਊਂਦੇ ਹੱਲੋਮਾਜਰਾ ਚੌਕ ਤੋਂ ਇੰਡਸਟਰੀਅਲ ਏਰੀਆ ਫੇਜ਼-1 ਵੱਲ ਜਾਂਦੀ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ। ਇਸ ਨਾਲ ਚੰਡੀਗੜ੍ਹ ਦੇ ਮੱਧਿਆ ਮਾਰਗ ਰਾਹੀਂ ਪੀਜੀਆਈ, ਪੰਜਾਬ ਸਕੱਤਰੇਤ, ਹਰਿਆਣਾ ਸਕੱਤਰੇਤ ਵਾਲੇ ਜਾਣ ਵਾਲੇ ਰਾਹਗੀਰਾਂ ਸਣੇ ਸ਼ਹਿਰ ਵਿੱਚ ਆਊਣ ਵਾਲੇ ਲੋਕਾਂ ਨੂੰ ਟ੍ਰਿਬਿਊਨ ਚੌਕ ਦੀ ਭੀੜ ਤੋਂ ਰਾਹਤ ਮਿਲ ਸਕੇਗੀ। ਦੂਜੇ ਪਾਸੇ ਪੰਚਕੂਲਾ ਜਾਣ ਵਾਲੇ ਲੋਕਾਂ ਨੂੰ ਵੀ ਲਾਭ ਮਿਲ ਸਕੇਗਾ।
ਯੂਟੀ ਪ੍ਰਸ਼ਾਸਨ ਵੱਲੋਂ 10 ਕਰੋੜ ਦੀ ਲਾਗਤ ਨਾਲ ਇੰਡਸਟਰੀਅਲ ਏਰੀਆ ਫੇਜ਼-1 ਵਿੱਚੋਂ ਲੰਘਣ ਵਾਲੀ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ। ਇਸ ਕੰਮ ਨੂੰ ਨਵੇਂ ਸਾਲ ਦੀ ਸ਼ੁਰੂਆਤ ਤੱਕ ਪੂਰਾ ਕਰ ਲਿਆ ਜਾਵੇਗਾ। ਪ੍ਰਸ਼ਾਸਨ ਦੇ ਸੁਪਰਇਨਟੈਂਡਿੰਗ ਇੰਜਨੀਅਰ ਓ.ਬੀ. ਓਝਾ ਨੇ ਦੱਸਿਆ ਕਿ ਸ਼ਹਿਰ ਵਿੱਚ ਵਧ ਰਹੀ ਆਵਾਜਾਈ ਦੀ ਸਮੱਸਿਆ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਸ ਸੜਕ ਦੇ ਚੌੜਾ ਹੋਣ ਨਾਲ ਰੇਲਵੇ ਸਟੇਸ਼ਨ, ਪੰਚਕੂਲਾ ਅਤੇ ਮੱਧਿਆ ਮਾਰਗ ’ਤੇ ਜਾਣ ਵਾਲੇ ਲੋਕਾਂ ਨੂੰ ਭੀੜ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਯੂਟੀ ਪ੍ਰਸ਼ਾਸਨ ਤੇ ਪੰਚਕੂਲਾ ਪ੍ਰਸ਼ਾਸਨ ਵੱਲੋਂ ਸਾਝੇ ਯਤਨਾਂ ਨਾਲ ਚੰਡੀਗੜ੍ਹ ਅਤੇ ਪੰਚਕੂਲਾ ਨੂੰ ਜੋੜਨ ਲਈ ਸੀਟੀਯੂ ਵਰਕਸ਼ਾਪ ਕੋਲ ਅੰਡਰਪਾਥ ਬਣਾਇਆ ਜਾ ਰਿਹਾ ਹੈ। ਇਸ ਨਾਲ ਚੰਡੀਗੜ੍ਹ ਤੋਂ ਪੰਚਕੂਲਾ ਆਉਣ-ਜਾਣ ਵਿੱਚ ਆਸਾਨੀ ਹੋਵੇਗੀ।