ਪੱਤਰ ਪ੍ਰੇਰਕ
ਧਾਰੀਵਾਲ, 15 ਅਕਤੂਬਰ
ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ‘ਕਲਾਸੀਕਲ ਸੰਗੀਤ ਜੁਗਲਬੰਦੀ’ ਸਮਾਗਮ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਦੇ ਪ੍ਰਬੰਧਾਂ ਵਿੱਚ ਕਰਵਾਇਆ ਗਿਆ। ਸਮਾਗਮ ਦੌਰਾਨ ਕਲਕੱਤੇ ਤੋਂ ਪਹੁੰਚੇ ਮਸ਼ਹੂਰ ਤਬਲਾ ਵਾਦਕ ਸ੍ਰੀ ਨਿਲੇਸ ਚੱਕਰਵਰਤੀ ਅਤੇ ਸਰੌਂਦ ਵਾਦਕ ਸ੍ਰੀ ਅਰਣਬ ਭੱਟਾਚਾਰੀਆ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਸੰਗੀਤ ਜ਼ਿੰਦਗੀ ਭਰ ਚੱਲਣ ਵਾਲੀ ਸਾਧਨਾ ਅਤੇ ਮਨ ਨੂੰ ਸਾਂਤ ਰੱਖਣ ਵਾਲੀ ਇੱਕ ਬਿਰਤੀ ਹੈ। ਵਿਦਿਆਰਥੀਆਂ ਦੁਆਰਾ ਤਿਆਰ ਕਲਾ ਕਿਰਤਾਂ ਦੇਖਦਿਆਂ ਉਨ੍ਹਾਂ ਕਿਹਾ ਇੱਥੋਂ ਦੇ ਵਿਦਿਆਰਥੀ ਆਪਣੇ ਆਪ ਵਿੱਚ ਇਕ ਬਹੁਤ ਵੱਡੇ ਕਲਾਕਾਰ ਹਨ, ਜਿਸ ਦੀ ਉਦਾਹਰਨ ਹੋਰ ਕਿਤੇ ਬਾਹਰ ਨਹੀਂ ਮਿਲਦੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਬਾਬ ਅਤੇ ਸਰੌਂਦ ਸਾਜ਼ ਬਾਰੇ ਜਾਣਕਾਰੀ ਵੀ ਦਿੱਤੀ। ਮਦਰ ਟਰੇਸਾ ਹਾਲ ਵਿੱਚ ਸੰਗੀਤ ਦਾ ਆਨੰਦ ਲੈ ਰਹੇ ਮੰਤਰ ਮੁਗਧ ਹੋਏ ਵਿਦਿਆਰਥੀ ਵਾਰ-ਵਾਰ ਤਾੜੀਆਂ ਨਾਲ ਹੌਂਸਲਾ ਅਫਜ਼ਾਈ ਕਰਦੇ ਰਹੇ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਭੁੱਲੇ ਭਟਕਿਆਂ ਨੂੰ ਰਬਾਬ ਰਾਹੀਂ ਕੀਰਤਨ ਕਰ ਕੇ ਸਿੱਧੇ ਰਾਹ ਪਾਇਆ ਸੀ। ਇਸ ਲਈ ਸੰਗੀਤ ਰੂਹ ਦੇ ਨਾਲ ਨਾਲ ਮਨ, ਸਰੀਰ ਅਤੇ ਆਤਮਾ ਦੀ ਖੁਰਾਕ ਹੈ।