ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜੁਲਾਈ
ਆਮ ਆਦਮੀ ਪਾਰਟੀ ਵੱਲੋਂ ਗੁਜਰਾਤ ਵਿੱਚ ਜ਼ਹਿਰੀਲੀ ਨਾਜਾਇਜ਼ ਸ਼ਰਾਬ ਪੀ ਕੇ 28 ਲੋਕਾਂ ਦੇ ਮਾਰੇ ਜਾਣ ਦੇ ਮਾਮਲੇ ਵਿੱਚ ਭਾਜਪਾ ਦੇ ਕੌਮੀ ਹੈੱਡਕੁਆਰਟਰ ਦੀਨਦਿਆਲ ਉਪਾਧਿਆਏ ਮਾਰਗ ਕੋਲ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੁਜਰਾਤ ਦੇ ਬੁਤੋੜ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਪੀਣ ਕਾਰਨ ਲੋਕਾਂ ਦੀ ਮੌਤ ਹੋਈ ਹੈ। ‘ਆਪ’ ਨੇ ਦੋਸ਼ ਲਾਇਆ ਕਿ ਗੁਜਰਾਤ ਵਿੱਚ ਪੂਰਨ ਸ਼ਰਾਬਬੰਦੀ ਹੋਣ ਦੇ ਬਾਵਜੂਦ ਉੱਥੇ ਗ਼ੈਰਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚੀ ਜਾ ਰਹੀ ਹੈ ਤੇ ਇਹ ਸੱਤਾਧਾਰੀ ਧਿਰ ਦੀ ਸਰਪ੍ਰਸਤੀ ਤੋਂ ਬਗੈਰ ਨਹੀਂ ਹੋ ਸਕਦਾ।
‘ਆਪ’ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਸਮੇਤ ਹੋਰ ਆਗੂ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਤੇ ਦੋਸ਼ ਲਾਇਆ ਕਿ ਗੁਜਰਾਤ ਵਾਂਗ ਹੀ ਭਾਜਪਾ ਚਾਹੁੰਦੀ ਹੈ ਕਿ ਕੌਮੀ ਰਾਜਧਾਨੀ ਵਿੱਚ ਵੀ ਨਾਜਾਇਜ਼ ਸ਼ਰਾਬ ਮਾਫ਼ੀਆ ਸਰਗਰਮ ਹੋਵੇ ਤੇ ਸਿਆਸੀ ਧਿਰਾਂ ਕਰੋੜਾਂ ਰੁਪਏ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਕਮਾ ਲੈਣ। ਪ੍ਰਦਰਸ਼ਨਕਾਰੀਆਂ ਵੱਲੋਂ ਭਾਜਪਾ ਖ਼ਿਲਾਫ਼ ਨਾਅਰੇ ਲਾਏ ਗਏ ਤੇ ਐੱਲਜੀ ਰਾਹੀਂ ਦਿੱਲੀ ਸਰਕਾਰ ਦੇ ਕੰਮਾਂ ਵਿੱਚ ਦਖ਼ਲ ਦੇਣ ਦੇ ਦੋਸ਼ ਵੀ ਲਾਏ ਗਏ। ‘ਆਪ’ ਕਾਰਕੁਨ ਦੀਨਦਿਆਲ ਉਪਾਧਿਆਏ ਮਾਰਗ ਤੋਂ ਭਾਜਪਾ ਦੇ ਕੌਮੀ ਹੈੱਡਕੁਰਆਟਰ, ਜੋ ਇਸੇ ਮਾਰਗ ਉਪਰ ਕਨਾਟ ਪਲੈਸ ਵਾਲੇ ਪਾਸੇ ਹੈ, ਵੱਲ ਵਧੇ। ਇਸ ਮੌਕੇ ਦਿੱਲੀ ਪੁਲੀਸ ਨੇ ਰੋਕਾਂ ਲਾ ਕੇ ‘ਆਪ’ ਦਫ਼ਤਰ ਤੋਂ ਥੋੜ੍ਹੀ ਦੂਰ ਹੀ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ‘ਆਪ’ ਨੇ ਦੋਸ਼ ਲਾਇਆ ਕਿ ਜਿਸ ਰਾਜ ਵਿੱਚ ਸ਼ਰਾਬ ਬਣਾਉਣ ਦੇ ਵੇਚਣ ਦੀ ਪਾਬੰਦੀ ਹੈ, ਉੱਥੇ ਸ਼ਰਾਬ ਕਿਵੇਂ ਮੁਹੱਈਆ ਹੋ ਰਹੀ ਹੈ ਇਹ ਸੋਚਣ ਵਾਲਾ ਸਵਾਲ ਹੈ।