ਸੰਤੋਖ ਗਿੱਲ
ਗੁਰੂਸਰ ਸੁਧਾਰ, 1 ਮਾਰਚ
ਲੋਕ ਘੋਲਾਂ ਵਿੱਚ ਪਰਖੀ ਹੋਈ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਕਾਨਫ਼ਰੰਸ ਪਿੰਡ ਜੜਤੌਲੀ ਵਿੱਚ ਮਜ਼ਦੂਰ ਬੀਬੀ ਚਰਨ ਕੌਰ ਜੜਤੌਲੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਸ਼ੁਰੂ ਹੋਈ। ਸਭ ਤੋਂ ਪਹਿਲਾਂ ਦਿੱਲੀ ਦੀਆਂ ਸਰਹੱਦਾਂ ਉੱਪਰ ਚੱਲ ਰਹੇ ਕਿਸਾਨ ਘੋਲ ਵਿੱਚ ਸ਼ਹੀਦ ਹੋਏ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਦੋ ਮਿੰਟ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਨੇ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਮਾਜ ਵਿੱਚ ਔਰਤਾਂ ਵਿਰੁੱਧ ਹਰ ਤਰ੍ਹਾਂ ਦੀ ਬੇਇਨਸਾਫ਼ੀ ਅਤੇ ਸਮਾਜਿਕ ਬਰਾਬਰੀ ਲਈ ਸੰਘਰਸ਼ ਦਾ ਸੱਦਾ ਦਿੱਤਾ। ਕਿਸਾਨੀ ਘੋਲ ਦੀ ਹਮਾਇਤ, ਕਿਰਤ ਕਾਨੂੰਨਾਂ ਦਾ ਭੋਗ ਪਾ ਕੇ ਮੋਦੀ ਸਰਕਾਰ ਵੱਲੋਂ ਲਿਆਂਦੇ ਲੇਬਰ ਕੋਡ ਅਤੇ ਕੰਮ ਦੇ ਘੰਟੇ 8 ਤੋਂ 12 ਕਰਨ ਵਿਰੁੱਧ, ਨਵੀਂ ਸਿੱਖਿਆ ਨੀਤੀ, ਔਰਤਾਂ ਵਿਰੁੱਧ ਹੁੰਦੀ ਹਰ ਤਰ੍ਹਾਂ ਦੀ ਹਿੰਸਾ ਵਿਰੁੱਧ ਅਤੇ ਨਿੱਜੀਕਰਨ, ਸੰਸਾਰੀਕਰਨ ਅਤੇ ਉਦਾਰੀਕਰਨ ਵਿਰੁੱਧ ਵੀ ਮਤੇ ਪਾਸ ਕੀਤੇ। ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਸੀਨੀਅਰ ਮੀਤ ਪ੍ਰਧਾਨ ਸਿਮਰਨਜੀਤ ਕੌਰ ਰੱਤੋਵਾਲ, ਮੀਤ ਪ੍ਰਧਾਨ ਪਰਮਜੀਤ ਕੌਰ ਜੜਤੌਲੀ, ਕਮਲਜੀਤ ਕੌਰ ਕਾਲਖ, ਜੀਵਨ ਮਾਂਗਟ, ਸਕੱਤਰ ਪ੍ਰੋਫੈਸਰ ਪਰਮਜੀਤ ਕੌਰ, ਸਹਾਇਕ ਸਕੱਤਰ ਮਨਜੀਤ ਕੌਰ ਖੰਡੂਰ, ਡਾਕਟਰ ਗਗਨਦੀਪ ਕੌਰ, ਸੁਰਿੰਦਰ ਕੌਰ ਲੁਧਿਆਣਾ, ਕੁਲਜੀਤ ਕੌਰ ਗਰੇਵਾਲ਼, ਕੈਸ਼ੀਅਰ ਡਾਕਟਰ ਕਮਲ ਰਤਨ, ਪ੍ਰੈੱਸ ਸਕੱਤਰ ਡਾਕਟਰ ਮਨਪ੍ਰੀਤ ਕੌਰ ਸੋਨੀ ਤੋਂ ਇਲਾਵਾ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ।