ਨਵੀਂ ਦਿੱਲੀ, 16 ਅਕਤੂੁਬਰ
ਵਿਵਾਦਤ ਆਬਕਾਰੀ ਨੀਤੀ ਮਾਮਲੇ ’ਚ ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੋਮਵਾਰ ਨੂੰ ਪੁੱਛ-ਪੜਤਾਲ ਲਈ ਤਲਬ ਕੀਤਾ ਹੈ। ਅਧਿਕਾਰੀਆਂ ਮੁਤਾਬਕ ‘ਆਪ’ ਆਗੂ ਨੂੰ ਸੋਮਵਾਰ ਸਵੇਰੇ 11 ਵਜੇ ਸੀਬੀਆਈ ਦੇ ਹੈੱਡਕੁਆਰਟਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸਿਸੋਦੀਆ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ,‘‘ਸੀਬੀਆਈ ਨੇ 14 ਘੰਟਿਆਂ ਤੱਕ ਮੇਰੇ ਘਰ ਛਾਪਾ ਮਾਰਿਆ ਪਰ ਕੁਝ ਵੀ ਨਹੀਂ ਮਿਲਿਆ। ਮੇਰੇ ਬੈਂਕ ਲਾਕਰ ਖੰਗਾਲੇ ਗਏ ਪਰ ਕੁਝ ਨਹੀਂ ਨਿਕਲਿਆ। ਮੇਰੇ ਪਿੰਡ ’ਚੋਂ ਵੀ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਹੁਣ ਉਨ੍ਹਾਂ ਮੈਨੂੰ ਸੀਬੀਆਈ ਹੈੱਡਕੁਆਰਟਰ ’ਤੇ ਭਲਕੇ ਸਵੇਰੇ 11 ਵਜੇ ਸੱਦਿਆ ਹੈ। ਮੈਂ ਉਥੇ ਜਾਵਾਂਗਾ ਅਤੇ ਪੂਰਾ ਸਹਿਯੋਗ ਦੇਵਾਂਗਾ। ਸੱਤਿਆਮੇਵ ਜਯਤੇ।’’ ਇਸ ਤੋਂ ਪਹਿਲਾਂ ਸੀਬੀਆਈ ਇੰਡੋ ਸਪਿਰਟਸ ਦੇ ਮਾਲਕ ਸਮੀਰ ਮਹੇਂਦਰੂ, ਗੁਰੂਗ੍ਰਾਮ ਦੀ ਬੱਡੀ ਰਿਟੇਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮਿਤ ਅਰੋੜਾ ਅਤੇ ਇੰਡੀਆ ਅਹੈੱਡ ਨਿਊਜ਼ ਦੇ ਐੱਮਡੀ ਮੂਥਾ ਗੌਤਮ ਸਮੇਤ ਕਈ ਹੋਰਾਂ ਤੋਂ ਆਬਕਾਰੀ ਨੀਤੀ ਮਾਮਲੇ ’ਚ ਪੁੱਛ-ਪੜਤਾਲ ਕਰ ਚੁੱਕੀ ਹੈ। ਸੀਬੀਆਈ ਨੇ ‘ਆਪ’ ਵਰਕਰ ਵਿਜੈ ਨਾਇਰ ਅਤੇ ਹੈਦਰਾਬਾਦ ਆਧਾਰਿਤ ਕਾਰੋਬਾਰੀ ਅਭਿਸ਼ੇਕ ਬੋਇਨਪੱਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਨੇ ਅਗਸਤ ’ਚ ਇਥੋਂ ਦੀ ਵਿਸ਼ੇਸ਼ ਅਦਾਲਤ ’ਚ ਸਿਸੋਦੀਆ ਅਤੇ 14 ਹੋਰਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਦਿੱਲੀ ਆਬਕਾਰੀ ਨੀਤੀ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਸੀਬੀਆਈ ਨੂੰ ਸਿਫ਼ਾਰਸ਼ ਕੀਤੀ ਸੀ। -ਪੀਟੀਆਈ
ਸਿਸੋਦੀਆ ਅਤੇ ਜੈਨ ਅੱਜ ਦੇ ਭਗਤ ਸਿੰਘ: ਕੇਜਰੀਵਾਲ
ਨਵੀਂ ਦਿੱਲੀ: ਆਬਕਾਰੀ ਨੀਤੀ ਮਾਮਲੇ ’ਚ ਸੀਬੀਆਈ ਵੱਲੋਂ ਮਨੀਸ਼ ਸਿਸੋਦੀਆ ਨੂੰ ਤਲਬ ਕੀਤੇ ਜਾਣ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਉਪ ਮੁੱਖ ਮੰਤਰੀ ਅਤੇ ਜੇਲ੍ਹ ’ਚ ਬੰਦ ਮੰਤਰੀ ਸਤੇਂਦਰ ਜੈਨ ਦੀ ਤੁਲਨਾ ਭਗਤ ਸਿੰਘ ਨਾਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੇਂਦਰ ਨਾਲ ਜੰਗ ‘ਆਜ਼ਾਦੀ ਦਾ ਦੂਜਾ ਸੰਘਰਸ਼’ ਹੈ। ‘ਆਪ’ ਨੇ ਦਾਅਵਾ ਕੀਤਾ ਹੈ ਕਿ ਸਿਸੋਦੀਆ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਪਾਰਟੀ ਗੁਜਰਾਤ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਟੱਕਰ ਦੇ ਰਹੀ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕਰੋੜਾਂ ਲੋਕਾਂ ਦੀਆਂ ਦੁਆਵਾਂ ਸਿਸੋਦੀਆ ਨਾਲ ਹਨ। ਉਨ੍ਹਾਂ ਇਕ ਟਵੀਟ ’ਚ ਕਿਹਾ,‘‘ਜੇਲ੍ਹ ਦੀਆਂ ਸਲਾਖ਼ਾਂ ਅਤੇ ਫਾਂਸੀ ਦਾ ਫੰਦਾ ਭਗਤ ਸਿੰਘ ਦੇ ਬੁਲੰਦ ਇਰਾਦਿਆਂ ਨੂੰ ਡੇਗ ਨਹੀਂ ਸਕੇ। ਇਹ ਆਜ਼ਾਦੀ ਦੀ ਦੂਜੀ ਜੰਗ ਹੈ। ਮਨੀਸ਼ ਅਤੇ ਸਤੇਂਦਰ ਅੱਜ ਦੇ ਭਗਤ ਸਿੰਘ ਹਨ। 75 ਸਾਲਾਂ ਬਾਅਦ ਮੁਲਕ ਨੂੰ ਇਕ ਅਜਿਹਾ ਸਿੱਖਿਆ ਮੰਤਰੀ ਮਿਲਿਆ ਹੈ ਜਿਸ ਨੇ ਗਰੀਬਾਂ ਨੂੰ ਵਧੀਆ ਸਿੱਖਿਆ ਦੇ ਕੇ ਸੁਨਹਿਰੇ ਭਵਿੱਖ ਦੀ ਆਸ ਜਗਾਈ। ਕਰੋੜਾਂ ਗਰੀਬਾਂ ਦੀਆਂ ਦੁਆਵਾਂ ਉਨ੍ਹਾਂ ਨਾਲ ਹਨ।’’ ‘ਆਪ’ ਦੇ ਮੁੱਖ ਤਰਜਮਾਨ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸੀਬੀਆਈ ਨੇ ਸਿਸੋਦੀਆ ਨੂੰ ਗ੍ਰਿਫ਼ਤਾਰ ਕਰਨ ਲਈ ਤਲਬ ਕੀਤਾ ਹੈ ਅਤੇ ਇਸ ਬਾਰੇ ਹੁਕਮ ਪਹਿਲਾਂ ਹੀ ਜਾਰੀ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਿਸੋਦੀਆ ਗ੍ਰਿਫ਼ਤਾਰ ਹੁੰਦੇ ਹਨ ਤਾਂ ਇਸ ਦਾ ਆਬਕਾਰੀ ਨੀਤੀ ਮਾਮਲੇ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੋਵੇਗਾ ਸਗੋਂ ਇਹ ਗ੍ਰਿਫ਼ਤਾਰੀ ਗੁਜਰਾਤ ’ਚ ਚੋਣਾਂ ਨੂੰ ਲੈ ਕੇ ਹੋਵੇਗੀ ਜਿਥੇ ‘ਆਪ‘ ਦਾ ਭਾਜਪਾ ਨਾਲ ਸਿੱਧਾ ਮੁਕਾਬਲਾ ਹੈ ਅਤੇ ਉਥੋਂ ਦੇ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿਸੋਦੀਆ ਗ੍ਰਿਫ਼ਤਾਰ ਹੁੰਦੇ ਹਨ ਤਾਂ ਇਸ ਨਾਲ ‘ਆਪ’ ਨੂੰ ਗੁਜਰਾਤ ’ਚ ਹੋਰ ਮਜ਼ਬੂਤੀ ਮਿਲੇਗੀ। -ਪੀਟੀਆਈ
‘ਆਪ’ ਦਬਾਅ ਦੀ ਸਿਆਸਤ ਕਰ ਰਹੀ ਹੈ: ਭਾਜਪਾ
ਨਵੀਂ ਦਿੱਲੀ: ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਵੱਲੋਂ ਤਲਬ ਕੀਤੇ ਜਾਣ ਮਗਰੋਂ ਭਾਜਪਾ ਨੇ ‘ਆਪ’ ’ਤੇ ਦੋਸ਼ ਲਾਇਆ ਹੈ ਕਿ ਉਹ ਦਬਾਅ ਦੀ ਸਿਆਸਤ ਕਰ ਰਹੀ ਹੈ। ਭਾਜਪਾ ਤਰਜਮਾਨ ਗੌਰਵ ਭਾਟੀਆ ਨੇ ਕਿਹਾ ਕਿ ਸਿਸੋਦੀਆ ਉਪ ਮੁੱਖ ਮੰਤਰੀ ਦੀ ਬਜਾਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ‘ਭ੍ਰਿਸ਼ਟ ਕੁਲੈਕਸ਼ਨ ਏਜੰਟ’ ਵਜੋਂ ਕੰਮ ਕਰ ਰਹੇ ਹਨ। ਭਾਟੀਆ ਨੇ ਕਿਹਾ,‘‘ਅਰਵਿੰਦ ਕੇਜਰੀਵਾਲ ਆਪਣੀ ਤੁਲਨਾ ਰੱਬ ਅਤੇ ਆਪਣੇ ਮੰਤਰੀਆਂ ਦੀ ਤੁਲਨਾ ਸੁਤੰਤਰਤਾ ਸੈਨਾਨੀਆਂ ਨਾਲ ਕਰਦੇ ਹਨ। ਕੇਜਰੀਵਾਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਸ ਦੇ ਭ੍ਰਿਸ਼ਟ ਮੰਤਰੀ ਆਪਣੇ ਖ਼ਜ਼ਾਨੇ ਭਰ ਰਹੇ ਹਨ ਜਦਕਿ ਭਗਤ ਸਿੰਘ ਨੇ ਦੇਸ਼ ਲਈ ਆਪਣੀ ਕੁਰਬਾਨੀ ਦਿੱਤੀ ਸੀ।’’ ਉਨ੍ਹਾਂ ਕਿਹਾ ਕਿ ਕੇਜਰੀਵਾਲ ਹੋਰਾਂ ਨੂੰ ਸਰਟੀਫਿਕੇਟ ਦੇਣਾ ਬੰਦ ਕਰਨ। ‘ਜੇਕਰ ਤੁਸੀਂ ਜਾਂਚ ਏਜੰਸੀਆਂ ਤੋਂ ਇੰਨਾ ਡਰ ਗਏ ਹੋ ਤਾਂ ਤੁਹਾਨੂੰ ਭ੍ਰਿਸ਼ਟਾਚਾਰ ਨਹੀਂ ਕਰਨਾ ਚਾਹੀਦਾ ਸੀ।’ ਗੁਜਰਾਤ ’ਚ ਚੋਣ ਪ੍ਰਚਾਰ ਬਾਰੇ ਉਨ੍ਹਾਂ ਕਿਹਾ ਕਿ ‘ਆਪ’ ਦੀ ਕਾਰਗੁਜ਼ਾਰੀ ਜ਼ਿਆਦਾਤਰ ਸੂਬਿਆਂ ’ਚ ਮਾੜੀ ਰਹੀ ਹੈ ਅਤੇ ਲੋਕਾਂ ਨੇ ਅਕਸਰ ਉਸ ਨੂੰ ਨਕਾਰ ਦਿੱਤਾ ਹੈ। ਭਾਟੀਆ ਨੇ ਦਾਅਵਾ ਕੀਤਾ ਕਿ ਆਬਕਾਰੀ ਨੀਤੀ ਘੜਨ ’ਚ ‘ਪਾਪ’ ਪਾਰਟੀ ਦੇ ਭ੍ਰਿਸ਼ਟਾਚਾਰ ਦਾ ਪਹਿਲਾਂ ਹੀ ਪਰਦਾਫ਼ਾਸ਼ ਹੋ ਚੁੱਕਾ ਹੈ। -ਪੀਟੀਆਈ