ਟਿ੍ਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 16 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਰੀਬ ਪੌਣੇ ਦੋ ਮਹੀਨੇ ਮਗਰੋਂ ਅੱਜ ਇੱਥੇ ਕਾਂਗਰਸ ਭਵਨ ’ਚ ਆਪਣਾ ਅਹੁਦਾ ਮੁੜ ਸੰਭਾਲ ਲਿਆ ਹੈ| ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਵੀ ਇਸ ਮੌਕੇ ਮੌਜੂਦ ਸਨ| ਚੇਤੇ ਰਹੇ ਕਿ ਨਵਜੋਤ ਸਿੱਧੂ ਨੇ ਪਹਿਲਾਂ 18 ਜੁਲਾਈ ਨੂੰ ਇਸੇ ਕਾਂਗਰਸ ਭਵਨ ’ਚ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਸੀ ਪਰ 28 ਸਤੰਬਰ ਨੂੰ ਕੁਝ ਮੁੱਦਿਆਂ ਕਾਰਨ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ| ਅੱਜ ਕਾਂਗਰਸ ਪ੍ਰਧਾਨ ਸ੍ਰੀ ਸਿੱਧੂ ਨੇ ਮੁੜ ਆਪਣਾ ਕਾਰਜਭਾਰ ਸੰਭਾਲ ਲਿਆ| ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਮੁੜ ਦਫ਼ਤਰ ਵਾਪਸੀ ਪਿੱਛੋਂ ਕਿਹਾ ਕਿ ਆਗਾਮੀ ਪੰਜਾਬ ਚੋਣਾਂ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਮੌਜੂਦਾ ਵਿਧਾਇਕਾਂ ਨੂੰ ਹੀ ਪਾਰਟੀ ਵੱਲੋਂ ਟਿਕਟ ਦਿੱਤੀ ਜਾਵੇ| ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਜੇਤੂ ਚਿਹਰਿਆਂ ਨੂੰ ਮੈਦਾਨ ’ਚ ਉਤਾਰਿਆ ਜਾਵੇਗਾ| ਉਨ੍ਹਾਂ ਕਿਹਾ ਕਿ ਪਾਰਟੀ ਸਰਵੇਖਣ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਕਰੇਗੀ ਜਾਂ ਫਿਰ ਜਿੱਤ ਦੇ ਪੈਮਾਨੇ ਦੇ ਲਿਹਾਜ਼ ਨਾਲ ਟਿਕਟ ਦਿੱਤੀ ਜਾਵੇਗੀ| ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਅਖੀਰ ਵਿੱਚ ਉਮੀਦਵਾਰਾਂ ਦਾ ਐਲਾਨ ਕਰੇਗੀ| ਪਤਾ ਲੱਗਾ ਹੈ ਕਿ ਇਸ ਹਫ਼ਤੇ ਕਾਂਗਰਸ ਜਥੇਬੰਦਕ ਢਾਂਚੇ ਦਾ ਐਲਾਨ ਕਰੇਗੀ ਅਤੇ ਜਲਦੀ ਪੰਜਾਬ ਵਿੱਚ ਵੱਡਾ ਇਕੱਠ ਕੀਤੇ ਜਾਣ ਦੀ ਵਿਉਂਤਬੰਦੀ ਹੈ| ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇੱਕਮੁੱਠ ਹੈ ਅਤੇ ਪਾਰਟੀ ਹਰ ਮਹੀਨੇ ਆਪਣੀ ਤਾਕਤ ਦਿਖਾਏਗੀ ਜਿਸ ਨੂੰ ਦੇਖ ਕੇ ਸਭ ਦੰਗ ਰਹਿ ਜਾਣਗੇ| ਉਨ੍ਹਾਂ ਦੱਸਿਆ ਕਿ ਜਲਦੀ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸਹੀ ਵਿਕਾਸ ਲਈ ਜੋ ਖਾਕਾ ਤਿਆਰ ਕੀਤਾ ਗਿਆ ਹੈ, ਉਸ ਨੂੰ ਹਾਈਕਮਾਨ ਨੇ ਪ੍ਰਵਾਨ ਕੀਤਾ ਹੈ| ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਤਮ-ਨਿਰਭਰ ਬਣਾਉਣ ਦੀ ਲੋੜ ਹੈ ਕਿਉਂਕਿ ਇਸ ਤੋਂ ਬਿਨਾਂ ਸੂਬਾ ਵਿਕਾਸ ਨਹੀਂ ਕਰ ਸਕੇਗਾ| ਉਨ੍ਹਾਂ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਓ ਲਿਆਉਣ ਲਈ ਸਰਕਾਰ ਬਣਾਈ ਜਾਵੇਗੀ, ਨਾ ਕਿ ਸੱਤਾ ਹਾਸਲ ਕਰਨ ਲਈ ਤੇ ਲੋਕਾਂ ਦਾ ਭਰੋਸਾ ਬਹਾਲ ਕੀਤਾ ਜਾਵੇਗਾ| ਸ੍ਰੀ ਸਿੱਧੂ ਨੇ ਮੁੜ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਦੀ ਗੱਲ ਦੁਹਰਾਈ ਤੇ ਆਮਦਨ ਦੇ ਵਸੀਲੇ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ| ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਸਤੇ ਇਕੱਲੇ ਵਿੱਤ ਮੰਤਰੀ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ| ਅੱਜ ਅਹੁਦਾ ਸੰਭਾਲਣ ਦੌਰਾਨ ਕੈਬਨਿਟ ਮੰਤਰੀ ਪਰਗਟ ਸਿੰਘ ਵੀ ਕਾਂਗਰਸ ਭਵਨ ਪੁੱਜੇ ਸਨ|
ਹਰ ਸ਼ਖ਼ਸ ਮੁੱਖ ਮੰਤਰੀ ਦਾ ਚਿਹਰਾ: ਚੌਧਰੀ
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਆਗਾਮੀ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਗੋਲਮੋਲ ਜੁਆਬ ਦੇ ਦਿੱਤਾ। ਅੱਜ ਜਦੋਂ ਨਵਜੋਤ ਸਿੱਧੂ ਦੀ ਹਾਜ਼ਰੀ ਵਿੱਚ ਹਰੀਸ਼ ਚੌਧਰੀ ਨੂੰ ਪੁੱਛਿਆ ਗਿਆ ਕਿ ਪਾਰਟੀ ਤਰਫੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰ ਵਰਕਰ/ਸ਼ਖ਼ਸ ਹੀ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਦੇ ਚਿਹਰੇ ਦਾ ਫ਼ੈਸਲਾ ਲੈਣਗੇ ਅਤੇ ਇਸ ਮਗਰੋਂ ਉਨ੍ਹਾਂ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਫ਼ੈਸਲਾ ਹਾਈਕਮਾਨ ਕਰੇਗੀ।
ਐਤਕੀਂ ਤਾਕਤ ਗਲਤ ਹੱਥਾਂ ’ਚ ਨਾ ਜਾਵੇ: ਸਿੱਧੂ
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਵਿਰੋਧੀ ਤਾਕਤਾਂ ਨੇ ਪੰਜਾਬ ਨੂੰ ਤਬਾਹੀ ਦੀ ਕਗਾਰ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਸ ਲਈ ਇਹ ਵੇਲਾ ਪੰਜਾਬ ਨੂੰ ਬਚਾਉਣ ਦਾ ਹੈ। ਇਸ ਕਰਕੇ ਜੇਕਰ ਐਤਕੀਂ ਪੰਜਾਬ ਦੇ ਹਿੱਤਾਂ ’ਤੇ ਪਹਿਰਾ ਨਾ ਦਿੱਤਾ ਗਿਆ ਤਾਂ ਪੰਜਾਬੀਆਂ ਨੂੰ ਵੱੱਡੀਆਂ ਮੁਸ਼ਕਲਾਂ ਸਹਿਣੀਆਂ ਪੈਣਗੀਆਂ। ਇਸ ਲਈ ਹਰੇਕ ਵਰਗ ਨੂੰ ਸੰਜੀਦਾ ਹੋਣਾ ਪਵੇਗਾ ਕਿ ਐਤਕੀਂ ਤਾਕਤ (ਸੱਤਾ) ਗਲਤ ਹੱਥਾਂ ’ਚ ਨਾ ਜਾਵੇ।
ਚੰਨੀ ਤੇ ਸਿੱਧੂ ਵੱਲੋਂ ਸਾਂਝੀ ਮੀਟਿੰਗ
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਨਵਜੋਤ ਸਿੱਧੂ ਦੇ ਮੁੜ ਅਹੁਦਾ ਸੰਭਾਲਣ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ। ਬੇਸ਼ੱਕ ਮੁੱਖ ਮੰਤਰੀ ਥੋੜ੍ਹੀ ਦੇਰੀ ਨਾਲ ਆਏ, ਪਰ ਉਨ੍ਹਾਂ ਸ੍ਰੀ ਸਿੱਧੂ ਨੂੰ ਗੁਲਦਸਤਾ ਭੇਟ ਕੀਤਾ। ਇਸ ਮਗਰੋਂ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਾਂਝੇ ਤੌਰ ’ਤੇ ਪਾਰਟੀ ਦੇ ਓਬੀਸੀ ਸੈੱਲ ਦੀ ਮੀਟਿੰਗ ਵੀ ਕੀਤੀ ਜਿਸ ਵਿੱਚ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਤੋਂ ਇਲਾਵਾ ਵਿੰਗ ਦੇ ਆਗੂ ਵੀ ਸ਼ਾਮਲ ਸਨ।