ਹਰਜੀਤ ਅਟਵਾਲ
ਉਂਜ ਤਾਂ ‘ਬਰਾਈਟਨ ਬੀਚ’ ਨਿਊਯਾਰਕ-ਸ਼ਹਿਰ ਦਾ ਇਕ ਇਲਾਕਾ ਵੀ ਹੈ। ਜਿੱਥੇ ਵੀ ਅੰਗਰੇਜ਼ ਗਏ ਆਪਣੇ ਇੰਗਲਿਸ਼ ਸ਼ਹਿਰਾਂ ਦੇ ਨਾਵਾਂ ’ਤੇ ਹੀ ਉੱਥੇ ਸ਼ਹਿਰ/ਕਸਬੇ ਵਸਾ ਦਿੱਤੇ। ਹੋਰ ਤਾਂ ਹੋਰ ਕੈਨੇਡਾ ਵਿਚ ਇਕ ਲੰਡਨ ਵੀ ਬਣਾ ਧਰਿਆ। ਇੱਥੇ ਮੈਂ ਨਿਊਯਾਰਕ ਸ਼ਹਿਰ ਦੇ ਨਹੀਂ ਇੰਗਲੈਂਡ ਦੇ ਬਰਾਈਟਨ ਬੀਚ ਦੀ ਗੱਲ ਕਰ ਰਿਹਾ ਹਾਂ ਜੋ ਬਰਾਈਟਨ ਸ਼ਹਿਰ ਵਿਚ ਹੈ। ਬਰਾਈਟਨ ਸ਼ਹਿਰ ਦੱਖਣੀ ਇੰਗਲੈਂਡ ਦੀ ਸੁਸੈਕਸ-ਕਾਉਂਟੀ ਵਿਚ ਹੈ, ਜੋ ਲੰਡਨ ਤੋਂ ਸੰਤਾਲੀ ਮੀਲ ’ਤੇ ਹੈ। ਇਹ ਬੀਚ ਮੇਰੀਆਂ ਖ਼ੂਬਸੂਰਤ ਯਾਦਾਂ ਵਿਚ ਹੈ। ਇੱਥੇ ਮੈਂ ਆਪਣੇ ਹਨੀਮੂਨ ’ਤੇ ਗਿਆ ਸਾਂ। ਇਹ ਸ਼ਹਿਰ ਮੇਰੀਆਂ ਲਿਖਤਾਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਆ ਹੀ ਵੜਦਾ ਹੈ। ਮੇਰੇ ਹਿਸਾਬ ਨਾਲ ਇਹ ਸਭ ਤੋਂ ਸਾਫ-ਸ਼ਫਾਫ ਪਾਣੀ ਵਾਲਾ ਬੀਚ ਹੈ। ਇੱਥੇ ਸਮੁੰਦਰ ਦੀ ਨਿਲੱਤਣ ਤੁਹਾਡੇ ਦਿਲ ਨੂੰ ਧੂ ਪਾਉਂਦੀ ਹੈ। ਕਿਸੇ ਵੇਲੇ ਚਮੜੀ ਦੇ ਰੋਗਾਂ ਵਾਲੇ ਲੋਕ ਆਪਣੀ ਬਿਮਾਰੀ ਦੇ ਇਲਾਜ ਲਈ ਇੱਥੇ ਨਹਾਉਣ ਆਇਆ ਕਰਦੇ ਸਨ। 1730 ਵਿਚ ਇਹ ਬੀਚ ਹੈਲਥ ਰਿਸੌਰਟ ਦੇ ਤੌਰ ’ਤੇ ਉਸਰਨ ਲੱਗ ਪਿਆ ਸੀ। 1801 ਵਿਚ ਇਸ ਦੀ ਆਬਾਦੀ ਸੱਤ ਹਜ਼ਾਰ ਸੀ, ਪਰ ਸੌ ਸਾਲ ਬਾਅਦ ਭਾਵ 1901 ਇਹ ਆਬਾਦੀ ਇਕ ਲੱਖ ਵੀਹ ਹਜ਼ਾਰ ਹੋ ਗਈ ਸੀ। ਮਹਾਰਾਣੀ ਵਿਕਟੋਰੀਆ ਵੇਲੇ ਇਸ ਸ਼ਹਿਰ ਦੀ ਬਹੁਤੀ ਤਰੱਕੀ ਹੋਈ। ਉਸ ਯੁੱਗ ਵਿਚ ਹੀ ਇੱਥੇ ਬਹੁਤੇ ਹੋਟਲ ਆਦਿ ਬਣੇ ਤੇ ਟੂਰਿਸਟ-ਸ਼ਹਿਰ ਬਣਿਆ। ਇਸ ਵੇਲੇ ਬਰਾਈਟਨ ਦੀ ਆਬਾਦੀ ਤਿੰਨ ਲੱਖ ਹੈ। ਹੁਣ ਇੱਥੇ ਭਾਰਤੀ ਲੋਕ ਵੀ ਕਾਫ਼ੀ ਰਹਿੰਦੇ ਹਨ। ਸਾਡੇ ਲੋਕਾਂ ਦੀਆਂ ਦੁਕਾਨਾਂ, ਰੈਸਟੋਰੈਂਟ ਤੇ ਹੋਟਲ ਆਦਿ ਵੀ ਹਨ।
ਬਰਾਈਟਨ ਸ਼ਹਿਰ ਬਹੁਤ ਪੁਰਾਣਾ ਹੈ ਤੇ ਇਸ ਦਾ ਬੀਚ ਵੀ। ਇਸ ਦਾ ਇਤਿਹਾਸ ਪੰਜ ਹਜ਼ਾਰ ਸਾਲ ਪਿੱਛੇ ਵੱਲ ਜਾਂਦਾ ਹੈ। ਤਾਂਬਾ ਯੁੱਗ, ਰੋਮਨਾਂ ਵੇਲੇ ਤੇ ਫਿਰ ਸੈਕਸਨਾਂ ਵੇਲੇ ਵੀ ਇਹ ਸ਼ਹਿਰ ਕਿਸੇ ਨਾ ਕਿਸੇ ਰੂਪ ਵਿਚ ਵੱਸਦਾ ਸੀ। 1086 ਵਿਚ ‘ਡੋਮਜ਼ਡੇ ਬੁੱਕ’ ਵਿਚ ਇਸ ਸ਼ਹਿਰ ਦਾ ਜ਼ਿਕਰ ਆ ਕੇ ਇਹ ਨਾਂ ਰਿਕਾਰਡਡ ਹੋ ਜਾਂਦਾ ਹੈ। ਉਸ ਵੇਲੇ ਇਸ ਦਾ ਨਾਂ ‘ਬਰਾਈਥੈਲਮ-ਸਟੋਨ’ ਸੀ ਜੋ ਹੌਲੀ-ਹੌਲੀ ਛੋਟਾ ਹੋ ਕੇ ਬਰਾਈਟਨ ਬਣ ਗਿਆ। ਇਸ ਇਲਾਕੇ ਦੇ ਬਹੁਤ ਸਾਰੇ ਸਮੁੰਦਰੀ ਤੱਟਾਂ ਵਾਲੇ ਸ਼ਹਿਰਾਂ ਦੇ ਨਾਵਾਂ ਦੇ ਅਖੀਰ ਵਿਚ ‘ਸਟੋਨ’ ਜਾਂ ਹੁਣ ਬਦਲ ਕੇ ‘ਟੋਨ’ ਜਾਂ ‘ਟਨ’ ਬਣ ਗਿਆ ਹੈ ਜਿਵੇਂ ਕਿ ਲਿਟਲਹੈਂਪਟਨ, ਸਾਊਥੈਂਪਟਨ, ਫੋਕਸਟੋਨ ਆਦਿ। ਇਨ੍ਹਾਂ ਦਾ ਕੋਈ ਵਾਹ ਸਟੋਨ ਭਾਵ ਪੱਥਰਾਂ ਨਾਲ ਜ਼ਰੂਰ ਹੈ। ਇੰਜ ਹੀ ਬਰਾਈਟਨ ਬੀਚ ਵੀ ਛੋਟੇ-ਛੋਟੇ ਪੱਥਰਾਂ ਵਾਲਾ ਭਾਵ ਪੈਬਲੇ ਬੀਚ ਹੈ। ਪੱਥਰਾਂ ਕਾਰਨ ਇਸ ਦੇ ਕੰਢੇ-ਕੰਢੇ ਤੁਰਨਾ ਬਹੁਤ ਮੁਸ਼ਕਲ ਹੁੰਦਾ ਹੈ। ਵੈਸੇ ਮੀਲਾਂ ਬੱਧੀ ਤੁਰਨ ਲਈ ਪਾਥ ਬਣਿਆ ਹੋਇਆ ਹੈ। ਇੱਥੇ ਕਈ ਸੌ ਮੀਟਰ ਸਮੁੰਦਰ ਵਿਚ ਜਾਂਦਾ ਪੀਅਰ/ਪਲੈਟਫਾਰਮ ਬਣਿਆ ਹੋਇਆ ਹੈ ਜਿਸ ਉੱਪਰ ਕਈ ਕਿਸਮ ਦੀਆਂ ਖੇਡਾਂ, ਰੈਸਟੋਰੈਂਟ, ਥੀਏਟਰ ਤੇ ਮਨੋਰੰਜਨ ਦੇ ਕਈ ਹੋਰ ਸਾਧਨ ਉਪਲੱਬਧ ਹਨ। ਇਹ ਨਵਾਂ ਪੀਅਰ ਹੈ। ਡੇਢ ਸੌ ਸਾਲ ਪੁਰਾਣੇ ਪੀਅਰ ਨੂੰ 2003 ਵਿਚ ਅੱਗ ਲੱਗ ਗਈ ਸੀ ਤੇ ਇਹ ਨਵਾਂ ਪੀਅਰ ਬਣਾਉਣਾ ਪਿਆ। ਪੁਰਾਣਾ ਜਲ਼ਿਆ ਹੋਇਆ ਪੀਅਰ ਹਾਲੇ ਵੀ ਥੋੜ੍ਹਾ-ਬਹੁਤ ਖੜ੍ਹਾ ਹੈ। ਬਰਾਈਟਨ ਸ਼ਹਿਰ ਵਿਚ ਆਮ ਸ਼ਹਿਰਾਂ ਵਾਲਾ ਸਭ ਕੁਝ ਹੈ ਜਿਵੇਂ ਕਿ ਸ਼ੌਪਿੰਗ ਮਾਲ, ਸਿਨਮਾ, ਪਾਰਕ, ਯੂਨੀਵਰਸਿਟੀ ਆਦਿ ਸਭ ਕੁਝ। ਪਰ ਬੀਚ ਇਸ ਸ਼ਹਿਰ ਦੀ ਪ੍ਰਾਪਤੀ ਹੈ। ਇੱਥੇ ਹੌਲੀਵੁੱਡ ਦੀਆਂ ਅਨੇਕਾਂ ਫ਼ਿਲਮਾਂ ਦੀ ਸ਼ੂਟਿੰਗ ਹੋਈ ਹੈ ਤੇ ਹੁੰਦੀ ਰਹਿੰਦੀ ਹੈ। ਕਈ ਫ਼ਿਲਮਾਂ ਤਾਂ ਇਸ ਸ਼ਹਿਰ ਦੇ ਨਾਂ ’ਤੇ ਵੀ ਬਣੀਆਂ ਹਨ। ਬਹੁਤ ਸਾਰੇ ਸੀਰੀਅਲ ਤੇ ਡੌਕੂਮੈਂਟਰੀਜ਼ ਵੀ ਇੱਥੇ ਬਣਦੀਆਂ ਰਹਿੰਦੀਆਂ ਹਨ। ਪਿੱਛੇ ਜਿਹੇ ਮੈਂ ਇੱਥੇ ਗਿਆ ਤਾਂ ਦੱਖਣੀ ਭਾਰਤ ਦੀ ਕਿਸੇ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਇਸ ਸ਼ਹਿਰ ਜਾਂ ਬੀਚ ਨੂੰ ਕਈ ਉਪਨਾਮਾਂ ਨਾਲ ਵੀ ਚੇਤੇ ਕੀਤਾ ਜਾਂਦਾ ਰਹਿੰਦਾ ਹੈ, ਕਦੇ ‘ਪਾਣੀਆਂ ਦੀ ਰਾਣੀ’ ਦੇ ਨਾਂ ਨਾਲ, ਕਦੇ ‘ਪੁਰਾਣੇ ਮਹਾਂ-ਸਾਗਰ ਦਾ ਗਹਿਣਾ’ ਦੇ ਨਾਂ ਨਾਲ। ਕਈ ਇਸ ਨੂੰ ‘ਲੰਡਨ-ਬਾਈ-ਦਿ-ਸੀ’ ਵੀ ਕਹਿੰਦੇ ਹਨ। 1930ਵਿਆਂ ਵਿਚ ਇੱਥੇ ਕਈ ਕਤਲ ਹੋ ਗਏ ਸਨ ਤਾਂ ਲੋਕਾਂ ਨੇ ਵਿਅੰਗ ਨਾਲ ਇਸ ਨੂੰ ‘ਕਤਲਾਂ ਦੀ ਰਾਣੀ’ ਕਹਿਣਾ ਸ਼ੁਰੂ ਕਰ ਦਿੱਤਾ ਸੀ। ਕਈ ਲੋਕ ਇਸ ਨੂੰ ‘ਹਿੱਪੀਅਸਟ-ਸਿਟੀ’ ਭਾਵ ਹਿੱਪੀਆਂ ਦਾ ਸ਼ਹਿਰ ਵੀ ਕਹਿੰਦੇ ਸਨ, ਜਦੋਂ ਕੁਝ ਲੋਕਾਂ ਨੇ ਇਤਰਾਜ਼ ਕੀਤਾ ਤਾਂ ਲੋਕ ਇਸ ਨੂੰ ‘ਹੈਪੀਅਸਟ-ਸਿਟੀ’ ਭਾਵ ਖੁਸ਼ਹਾਲ ਸ਼ਹਿਰ ਕਹਿਣ ਲੱਗ ਪਏ। ਪਰ ਇਕ ਹੋਰ ਬਹੁਤ ਵੱਡਾ ਸੱਚ ਹੈ ਕਿ ਇਹ ਗੇਅ-ਲੈਸਬੀਅਨ ਲੋਕਾਂ ਦੀ ਅਣਐਲਾਨੀ ਰਾਜਧਾਨੀ ਹੈ। ਹਰ ਸਾਲ ਇੱਥੇ ਗੇਅ ਪਰੇਡ ਹੁੰਦੀ ਹੈ ਜਿਸ ਨੂੰ ਦੇਖਣ ਲੱਖਾਂ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਮੈਂ ਬਰਾਈਟਨ ਸ਼ਹਿਰ ਤੇ ਬਰਾਈਟਨ-ਬੀਚ ਨੂੰ ਇਕ ਥਾਂ ਰੱਖ ਕੇ ਹੀ ਦੇਖਿਆ ਕਰਦਾ ਹਾਂ ਕਿਉਂਕਿ ਇਸ ਸ਼ਹਿਰ ਵਿਚ ਵਾਪਰਨ ਵਾਲਾ ਬਹੁਤਾ ਕੁਝ ਸਮੁੰਦਰ ਕੰਢੇ ਹੀ ਵਾਪਰਦਾ ਹੈ।
ਸਮੁੰਦਰ ਵਿਚ ਬਣੇ ਪੀਅਰ ਦੇ ਨਾਲ ਹੀ 1872 ਤੋਂ ਚੱਲਿਆ ਆ ਰਿਹਾ ਐਕੁਏਰੀਮ ਹੈ ਜਿਸ ਵਿਚ ਸਮੁੰਦਰੀ ਜਨ-ਜੀਵਨ ਦਿਖਾਇਆ ਜਾਂਦਾ ਹੈ। ਬੱਚਿਆਂ ਦੇ ਖੇਡਣ ਦਾ ਵੀ ਖ਼ਾਸ ਇੰਤਜ਼ਾਮ ਹੈ। ਉਂਜ ਭਾਵੇਂ ਇਹ ਪੈਬਲੇ-ਬੀਚ (ਬੱਟੀਆਂ-ਵਾਲਾ) ਹੈ, ਪਰ ਬੀਚ-ਵਾਲੀਬਾਲ ਖੇਡਣ ਲਈ ਰੇਤਾ ਖਿਲਾਰ ਕੇ ਵਧੀਆ ਗਰਾਉਂਡ ਬਣਾਈ ਹੋਈ ਹੈ। ਪਾਣੀ ਇਸ ਦਾ ਗਰਮੀਆਂ ਨੂੰ ਵੀ ਠੰਢਾ ਹੁੰਦਾ ਹੈ, ਪਰ ਇੱਥੇ ਲੋਕ ਸ਼ੌਕ ਨਾਲ ਤੈਰਦੇ ਹਨ। ਪਾਣੀ ਵਾਲੀਆਂ ਕਈ ਕਿਸਮ ਦੀਆਂ ਖੇਡਾਂ ਵੀ ਹੁੰਦੀਆਂ ਰਹਿੰਦੀਆਂ ਹਨ। ਗਰਮੀਆਂ ਨੂੰ ਇਹ ਬੀਚ ਬਹੁਤ ਭਰਿਆ ਹੁੰਦਾ ਹੈ। ਬੈਂਕ-ਹੌਲੀਡੇ ਹੋਵੇ ਤਾਂ ਸੜਕਾਂ ਉੱਪਰ ਟਰੈਫਿਕ ਜਾਮ ਹੋ ਜਾਂਦਾ ਹੈ ਕਿਉਂਕਿ ਨੇੜਲਾ ਬੀਚ ਹੋਣ ਕਰਕੇ ਪੂਰਾ ਲੰਡਨ ਹੀ ਇਸ ਪਾਸੇ ਨਿਕਲ ਪੈਂਦਾ ਹੈ। ਸਿਆਲਾਂ ਨੂੰ ਵੀ ਇੱਥੇ ਬਹੁਤ ਲੋਕ ਜਮ੍ਹਾਂ ਹੁੰਦੇ ਰਹਿੰਦੇ ਹਨ। ਦਸੰਬਰ ਮਹੀਨੇ ਸਰਦੀ ਦੇ ਮੌਸਮ ਦਾ ਜਸ਼ਨ ਮਨਾਉਣ ਲਈ ਲੋਕ ਸਮੁੰਦਰ ਵਿਚ ਛਾਲਾਂ ਮਾਰਦੇ ਹਨ। 1980 ਵਿਚ ਮੁੱਖ ਬੀਚ ਦੇ ਪੂਰਬ ਵਿਚ ਯੂਕੇ ਦਾ ਪਹਿਲਾ ਨੇਚੁਰਿਸ-ਬੀਚ ਬਣਾਇਆ ਗਿਆ ਸੀ। ਇਹ ਨੇਚੁਰਿਸਟ-ਬੀਚ ਵੀ ਬਰਾਈਟਨ ਬੀਚ ਨੂੰ ਵਿਸ਼ੇਸ਼ ਬਣਾਉਂਦਾ ਹੈ।
ਯੂਕੇ ਦੇ ਰਾਜੇ ਰਾਣੀਆਂ ਲਈ ਇਹ ਬੀਚ ਜਾਂ ਸ਼ਹਿਰ ਖ਼ਾਸ ਖਿੱਚ ਦਾ ਕਾਰਨ ਬਣਦਾ ਰਿਹਾ ਹੈ। ਮਹਾਰਾਜਾ ਜੌਰਜ ਚੌਥਾ ਆਪਣਾ ਬਹੁਤਾ ਸਮਾਂ ਬਰਾਈਟਨ ਵਿਚ ਹੀ ਗੁਜ਼ਾਰਦਾ ਸੀ। ਉਸ ਨੇ ਹੀ ‘ਰੌਇਲ ਪੈਵੇਲੀਅਨ’ ਬਣਾਇਆ ਸੀ। ਰੌਇਲ ਪੈਵੇਲੀਅਨ ਉਹੀ ਇਮਾਰਤ ਹੈ ਜੋ ਭਾਰਤੀ ਇਮਾਰਤਸਾਜ਼ੀ ਦੀ ਤਰਜ਼ ’ਤੇ ਬਣਾਈ ਗਈ ਹੈ। ਪਹਿਲੇ ਮਹਾਂਯੁੱਧ ਵਿਚ ਇਸ ਨੂੰ ਆਰਜ਼ੀ ਤੌਰ ’ਤੇ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਇੱਥੇ ਲੜਾਈ ਵਿਚ ਸ਼ਾਮਲ ਹੋ ਕੇ ਜ਼ਖ਼ਮੀ ਹੋਏ ਸਿੱਖ ਸਿਪਾਹੀਆਂ ਨੂੰ ਰੱਖਿਆ ਗਿਆ ਸੀ ਤੇ ਮਹਾਰਾਜਾ ਦਲੀਪ ਸਿੰਘ ਦੀ ਧੀ ਰਾਜਕੁਮਾਰੀ ਸੋਫੀਆ ਨੇ ਇਨ੍ਹਾਂ ਜ਼ਖ਼ਮੀ ਸਿੱਖ ਸਿਪਾਹੀਆਂ ਦੀ ਤੀਮਾਰਦਾਰੀ ਕੀਤੀ ਸੀ। ਇਹ ਇਮਾਰਤ ਹਾਲੇ ਵੀ ਕਾਇਮ ਹੈ। ਜਦੋਂ ਵੀ ਮੈਂ ਬਰਾਈਟਨ ਜਾਵਾਂ ਤਾਂ ਇਸ ਇਮਾਰਤ ਦੇ ਅੱਗੋਂ ਹੋ ਕੇ ਜ਼ਰੂਰ ਲੰਘਦਾ ਹਾਂ। ਇੱਥੋਂ ਦੀ ਬਰਾਈਟਨ ਛਤਰੀ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ।
ਪੁਰਾਣੇ ਜ਼ਮਾਨੇ ਵਿਚ ਲੰਡਨ ਤੋਂ ਬਰਾਈਟਨ ਆਉਣਾ ਏਨਾ ਸੌਖਾ ਨਹੀਂ ਸੀ। ਘੋੜਾ ਬੱਘੀਆਂ ਚੱਲਦੀਆਂ ਸਨ। ਸੰਤਾਲੀ ਮੀਲ ਦੇ ਸਫ਼ਰ ਨੂੰ ਕਈ ਘੰਟੇ ਲੱਗ ਜਾਂਦੇ ਸਨ। ਲੋਕਾਂ ਲਈ ਸਾ-ਦਿਹਾੜੀ ਮੁੜਨਾ ਔਖਾ ਸੀ। 1841 ਵਿਚ ਜਦੋਂ ਇੱਥੇ ਲਈ ਲੰਡਨ ਤੋਂ ਨਿਰੰਤਰ ਰੇਲ ਚੱਲਣ ਲੱਗ ਪਈ ਤਾਂ ਲੋਕਾਂ ਦੀਆਂ ਵਹੀਰਾਂ ਬਰਾਈਟਨ ਵੱਲ ਨੂੰ ਹੋ ਗਈਆਂ। ਸਵੇਰੇ ਗਏ ਲੋਕ ਪੂਰਾ ਦਿਨ ਮਸਤੀ ਕਰਕੇ ਸ਼ਾਮ ਨੂੰ ਮੁੜ ਸਕਦੇ ਸਨ।
ਇਨ੍ਹਾਂ ਸਭ ਤੋਂ ਬਿਨਾਂ ਮੇਰੇ ਲਈ ਬਰਾਈਟਨ ਵਿਚ ਇਕ ਹੋਰ ਦਿਲਚਸਪੀ ਵਾਲੀ ਜਗ੍ਹਾ ਸ਼ੇਖ ਦੀਨ ਮੁਹੰਮਦ ਦੀ ਤੇ ਉਸ ਦੇ ਪਰਿਵਾਰ ਦੀਆਂ ਕਬਰਾਂ ਹਨ। ਸ਼ੇਖ ਦੀਨ ਮੁਹੰਮਦ ਸਾਡੇ ਇਤਿਹਾਸ ਦਾ ਇਕ ਅਹਿਮ ਕਿਰਦਾਰ ਹੈ। ਉਹ ਅਠਾਰਵੀਂ ਸਦੀ ਵਿਚ ਯੂਕੇ ਆਇਆ ਸੀ। 1810 ਵਿਚ ਉਸ ਨੇ ਲੰਡਨ ਵਿਚ ਪਹਿਲਾ ਹਿੰਦੁਸਤਾਨੀ ਕੌਫ਼ੀ ਹਾਊਸ ਖੋਲ੍ਹਿਆ ਸੀ। ਕੁਝ ਸਾਲ ਇਹ ਵਾਹਵਾ ਚੱਲਿਆ, ਪਰ ਫਿਰ ਘਾਟਾ ਪੈਣ ਲੱਗਾ। ਉਹ ਕੰਮ ਛੱਡ ਉਹ ਬਰਾਈਟਨ ਚਲੇ ਗਿਆ। ਉੱਥੇ ਜਾ ਕੇ ਇਸ ਨੇ ਭਾਰਤੀ ਤਰਜ਼ ਦੇ ਗੁਸਲਖਾਨੇ ਖੋਲ੍ਹ ਲਏ ਜਿਨ੍ਹਾਂ ਨੂੰ ਇਸ ਨੇ ‘ਵੈਪੋਰ ਬਾਥਹਾਊਸ’ ਦਾ ਨਾਂ ਦਿੱਤਾ। ਉਸ ਨੇ ਆਪਣਾ ਕੰਮ ਕਿੰਗ ਰੋਡ ’ਤੇ ਉੱਥੇ ਖੋਲ੍ਹਿਆ ਸੀ ਜਿੱਥੇ ਅੱਜਕੱਲ੍ਹ ਕੁਈਨਜ਼-ਹੋਟਲ ਹੈ। ਇਸ ਦਾ ਇਹ ਕੰਮ ਬਹੁਤ ਚੱਲ ਨਿਕਲਿਆ। ਇਹ ਇਤਰ-ਫਲੇਲ ਤੇ ਤਰ੍ਹਾਂ-ਤਰ੍ਹਾਂ ਦੇ ਦੇਸੀ ਤੇਲ ਵਰਤ ਕੇ ਸ਼ੈਂਪੂ ਕਰਦਾ। ਇਹ ਸਟੀਮ-ਬਾਥ ਵੀ ਦਿੰਦਾ, ਜਿਸ ਨਾਲ ਇਹ ਜੋੜਾਂ ਦੇ ਦਰਦ ਤੇ ਪੱਠਿਆਂ ਦੇ ਦਰਦ ਦਾ ਇਲਾਜ ਕਰਦਾ। ਜਿਸ ਨੂੰ ਅੱਜ ਫਿਜ਼ੀਓਥੈਰੇਪੀ ਕਹਿੰਦੇ ਹਾਂ ਇਹ ਕੰਮ ਸ਼ੇਖ ਦੀਨ ਮੁਹੰਮਦ ਸਟੀਮ-ਬਾਥ ਨਾਲ ਤੇ ਮਾਲਸ਼ ਕਰਕੇ ਕਰਦਾ ਸੀ। ਮਹਾਰਾਜਾ ਜੌਰਜ ਚੌਥਾ ਇਸ ਦਾ ਬਹੁਤ ਮੱਦਾਹ ਸੀ। ਸ਼ਾਹੀ ਘਰਾਣੇ ਦੇ ਬਹੁਤ ਸਾਰੇ ਲੋਕ ਇਸ ਕੋਲ ਇਲਾਜ ਲਈ ਆਉਂਦੇ ਸਨ। ਕਈ ਡਾਕਟਰ ਤੇ ਹਸਪਤਾਲ ਵਾਲੇ ਵੀ ਉਸ ਦੀ ਸਿਫਾਰਸ਼ ਕਰਿਆ ਕਰਦੇ। ਉਸ ਨੂੰ ‘ਡਾਕਟਰ ਬਰਾਈਟਨ’ ਵੀ ਕਿਹਾ ਜਾਂਦਾ ਸੀ। ਪਿੱਛਿਓਂ ਉਹ ਪਟਨੇ ਦਾ ਜੰਮਪਲ ਸੀ। ਅੰਗਰੇਜ਼ ਫ਼ੌਜ ਵਿਚ ਸੀ ਤੇ ਫਿਰ ਜਵਾਨੀ ਵਿਚ ਹੀ ਉਹ ਯੂਕੇ ਆ ਗਿਆ ਸੀ। ਇੱਥੇ ਹੀ ਜੇਨ ਨਾਂ ਦੀ ਗੋਰੀ ਨਾਲ ਵਿਆਹ ਕਰਾਇਆ ਤੇ ਇੱਥੇ ਹੀ 92 ਸਾਲ ਦੀ ਉਮਰ ਵਿਚ ਮਰਿਆ। ਉਂਜ ਦਵਾਈਆਂ ਲੈਣ ਉਹ ਭਾਰਤ ਜਾਂਦਾ ਰਹਿੰਦਾ ਸੀ। ਉਹ ਪਹਿਲਾ ਭਾਰਤੀ ਸੀ ਜਿਸ ਨੇ ਅੰਗਰੇਜ਼ੀ ਵਿਚ ਕਿਤਾਬ ਲਿਖੀ। ਉਸ ਵਿਚ ਮੈਨੂੰ ਇਸ ਕਰਕੇ ਵੀ ਦਿਲਚਸਪੀ ਹੈ ਕਿ ਉਹ ਮੇਰੇ ਇਕ ਅੱਧ-ਲਿਖੇ ਨਾਵਲ ਦਾ ਮੁੱਖ ਕਿਰਦਾਰ ਹੈ ਜਿਸ ਨੂੰ ਮੈਂ ਹਾਲੇ ਤਕ ਪੂਰਾ ਨਹੀਂ ਕਰ ਸਕਿਆ।
ਬਰਾਈਟਨ-ਬੀਚ ਦੇ ਧੁਰ ਪੂਰਬ ਵਿਚ ਬਰਾਈਟਨ-ਮਰੀਨਾ ਹੈ। ਇੱਥੇ ਪਾਣੀ ਵਿਚ ਤੈਰਦੇ ਰੇਸਟੋਰੈਂਟ ਬਗੈਰਾ ਹਨ। ਇੱਥੇ ਕਿਸ਼ਤੀਆਂ-ਯੈਚ ਖੜ੍ਹੀਆਂ ਕਰਨ ਲਈ ‘ਮਰੀਨਾ ਐਂਡ ਬੋਟ ਯਾਰਡ’ ਹੈ ਜਿੱਥੇ ਲੋਕ ਆਪਣੀਆਂ ਨਿੱਜੀ ਕਿਸ਼ਤੀਆਂ ਜਾਂ ਛੋਟੇ ਜਹਾਜ਼ ਖੜ੍ਹੇ ਕਰਦੇ ਹਨ। ਇੱਥੇ ਰਿਹਾਇਸ਼ੀ ਘਰ ਵੀ ਹਨ ਜਿਨ੍ਹਾਂ ਦਾ ਪਿਛਲਾ ਹਿੱਸਾ ਸਮੁੰਦਰ ਨਾਲ ਇੰਜ ਜੁੜਦਾ ਹੈ ਕਿ ਤੁਸੀਂ ਆਪਣੀਆਂ ਕਿਸ਼ਤੀਆਂ-ਯੈਚ ਘਰ ਲਿਆ ਸਕਦੇ ਹੋ। ਕਦੇ ਮੇਰਾ ਦੋਸਤ ਡੌਮਨਿਕ ਅਜਿਹੇ ਹੀ ਘਰ ਵਿਚ ਰਿਹਾ ਕਰਦਾ ਸੀ। ਮੈਂ ਉਸ ਨਾਲ ਉਸ ਦੀ ਯੈਚ ਵਿਚ ਸਮੁੰਦਰੀ ਸਫ਼ਰ ’ਤੇ ਗਿਆ ਹੋਇਆ ਹਾਂ।
ਅੱਜ ਬਰਾਈਟਨ ਸ਼ਹਿਰ ਟੂਰਿਸਟ ਥਾਂ ਤਾਂ ਹੈ ਹੀ ਨਾਲ ਦੀ ਨਾਲ ਵੱਡੀਆਂ-ਵੱਡੀਆਂ ਰਾਜਨੀਤਕ ਤੇ ਹੋਰ ਕਾਨਫਰੰਸਾਂ ਲਈ ਵੈਨੇਊਜ਼ ਦਾ ਸ਼ਹਿਰ ਵੀ ਹੈ। ਹੁਣ ਭਾਰਤੀ ਲੋਕ ਬਰਾਟੀਟਨ ਦੇ ਹੋਟਲਾਂ ਨੂੰ ਮੈਰਿਜ ਹਾਲ ਦੇ ਤੌਰ ’ਤੇ ਵੀ ਵਰਤਣ ਲੱਗੇ ਹਨ। ਕੁਝ ਸਾਲ ਪਹਿਲਾਂ ਸਾਡੇ ਖ਼ਾਸ ਦੋਸਤ ਦੀ ਬੇਟੀ ਦਾ ਵਿਆਹ ਇੱਥੇ ਹੀ ਹੋਇਆ ਸੀ।
ਇਸ ਤੋਂ ਬਿਨਾਂ ਬਰਾਈਟਨ-ਬੀਚ ਤੇ ਬਰਾਈਟਨ-ਸ਼ਹਿਰ ਮੇਰੇ ਲਈ ਬਹੁਤ ਖ਼ਾਸ ਹਨ। ਪਿਛਲੇ ਚਾਲੀ ਸਾਲ ਵਿਚ ਮੈਂ ਇੱਥੇ ਸੌ ਵਾਰ ਗਿਆ ਹੋਵਾਂਗਾ। ਜਦੋਂ ਬੱਚੇ ਛੋਟੇ ਹੁੰਦੇ ਸਨ ਤਾਂ ਇੱਥੇ ਆਉਣਾ-ਜਾਣਾ ਆਮ ਹੁੰਦਾ ਸੀ। ਹੁਣ ਵੀ ਗਰਮੀਆਂ ਵਿਚ ਦੋ-ਤਿੰਨ ਚੱਕਰ ਲੱਗਦੇ ਹੀ ਹਨ। ਕੋਈ ਵੀ ਦੋਸਤ ਜਾਂ ਰਿਸ਼ਤੇਦਾਰ ਭਾਰਤ ਤੋਂ ਆਵੇ ਤਾਂ ਬਰਾਈਟਨ-ਬੀਚ ਤੋਂ ਵਧ ਕੇ ਕੋਈ ਹੋਰ ਢੁਕਵੀਂ ਜਗ੍ਹਾ ਨਹੀਂ ਜਿੱਥੇ ਖ਼ੂਬਸੂਰਤ ਸਮੁੰਦਰ ਤੇ ਹੋਰ ਦੇਖਣ ਯੋਗ ਥਾਵਾਂ ਹਨ। ਹਾਂ, ਮੇਰੇ ਵਾਰ-ਵਾਰ ਬਰਾਈਟਨ ਜਾਣ ਦਾ ਇਕ ਹੋਰ ਕਾਰਨ ਵੀ ਬਣਦਾ ਹੈ ਕਿ ਦਰਸ਼ਨ ਬੁਲੰਦਵੀ ਬਿਲਕੁਲ ਨਾਲ ਲੱਗਦੇ ਸ਼ਹਿਰ ਵਰਦਿੰਗ ਵਿਚ ਰਹਿੰਦਾ ਹੈ। ਮੈਂ ਬਰਾਈਟਨ ਬੀਚ ’ਤੇ ਜਾਵਾਂ ਤਾਂ ਦਰਸ਼ਨ ਵੀ ਆ ਪੁੱਜਦਾ ਹੈ। ਇੱਥੇ ਉਸ ਦੇ ਭਰਾ ਦਾ ਰੈਸਟੋਰੈਂਟ ਹੈ ਜੋ ਸਾਡੀ ਸੇਵਾ ਕਰਕੇ ਬਹੁਤ ਖੁਸ਼ ਹੁੰਦਾ ਹੈ।
ਈ-ਮੇਲ : harjeetatwal@hotmail.co.uk