ਮੁੰਬਈ, 15 ਦਸੰਬਰ
ਮੁੰਬਈ ਅਤੇ ਕਰਨਾਟਕ ਵਿੱਚ ਫਿਰੌਤੀ ਦੇ ਕਈ ਮਾਮਲਿਆਂ ਵਿੱਚ ਲੋੜੀਂਦੇ ਗੈਂਗਸਟਰ ਸੁਰੇਸ਼ ਪੁਜਾਰੀ ਨੂੰ ਫਿਲੀਪੀਨਜ਼ ਤੋਂ ਭਾਰਤ ਲਿਆਂਦਾ ਗਿਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦਿੱਤੀ ਅਤੇ ਕਿਹਾ ਕਿ ਉਸ ਨੂੰ ਮੁੰਬਈ ਭੇਜਿਆ ਜਾਵੇਗਾ। ਫਿਲੀਪੀਨਜ਼ ਤੋਂ ਹਵਾਲਗੀ ਮਗਰੋਂ ਪੁਜਾਰੀ ਨੂੰ ਮੰਗਲਵਾਰ ਦੇਰ ਰਾਤ ਭਾਰਤ ਲਿਆਂਦਾ ਗਿਆ। ਉਹ ਮੁੰਬਈ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਠਾਣੇ, ਕਲਿਆਣ, ਉਲਹਾਸਨਗਰ ਅਤੇ ਡੋਂਬੀਵਲੀ ਵਿੱਚ ਵੀ ਜਬਰਨ ਵਸੂਲੀ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਪੁਜਾਰੀ ਦੇ ਦਿੱਲੀ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਇੰਟੈਲੀਜੈਂਸ ਬਿਊਰੋ (ਆਈਬੀ) ਅਤੇ ਸੀਬੀਆਈ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀਆਂ ਵੱਲੋਂ ਪੁੱਛ ਪੜਤਾਲ ਮਗਰੋਂ ਉਸ ਨੂੰ ਮੁੰਬਈ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੁੰਬਾਈ ਅਤੇ ਥਾਣੇ ਪੁਲੀਸ ਵੱਲੋਂ ਪੁਜਾਰੀ ਖ਼ਿਲਾਫ਼ ਕ੍ਰਮਵਾਰ 2017 ਅਤੇ 2018 ਵਿੱਚ ‘ਰੈੱਡ ਕਾਰਨਰ’ ਨੋਟਿਸ ਜਾਰੀ ਕੀਤਾ ਗਿਆ ਸੀ। ਇਸੇ ਦੌਰਾਨ ਮੁੰਬਈ ਪੁਲੀਸ ਦੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਸੁਰੇਸ਼ ਪੁਜਾਰੀ ਨੂੰ ਅੱਜ ਸਵੇਰੇ ਜਹਾਜ਼ ਰਾਹੀਂ ਦਿੱਲੀ ਤੋਂ ਮੁੰਬਈ ਲਿਆਂਦਾ ਗਿਆ ਹੈ। ਡੀਸੀਪੀ ਰਾਜਕੁਮਾਰ ਸ਼ਿੰਦੇ ਦੀ ਅਗਵਾਈ ਹੇਠ ਏਟੀਐੱਸ ਦੀ ਟੀਮ ਮੰਗਲਵਾਰ ਸ਼ਾਮ ਪੁਜਾਰੀ ਨੂੰ ਹਿਰਾਸਤ ਵਿੱਚ ਲੈਣ ਲਈ ਦਿੱਲੀ ਗਈ ਸੀ। -ਪੀਟੀਆਈ