ਧਨਬਾਦ, 28 ਜੁਲਾਈ
ਇਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਆਟੋ ਰਿਕਸ਼ਾ ਚਾਲਕ ਲਖਨ ਵਰਮਾ ਅਤੇ ਉਸ ਦੇ ਸਾਥੀ ਰਾਹੁਲ ਵਰਮਾ ਨੂੰ ਧਨਬਾਦ ਦੇ ਜੱਜ ਉੱਤਮ ਆਨੰਦ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਰਜਨੀਕਾਂਤ ਪਾਠਕ ਨੇ ਇਹ ਫੈਸਲਾ ਸੁਣਾਇਆ। ਦੋਸ਼ੀਆਂ ਨੂੰ 6 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਜੱਜ ਕਤਲ ਕੇਸ ਦੀ ਸੁਣਵਾਈ ਇਸ ਸਾਲ ਫਰਵਰੀ ਵਿੱਚ ਸ਼ੁਰੂ ਹੋਈ ਸੀ। ਮੁਲਜ਼ਮਾਂ ਵਿਰੁੱਧ ਧਾਰਾ 302 , 201 ਅਤੇ 34 ਤਹਿਤ ਦੋਸ਼ ਆਇਦ ਕੀਤੇ ਗਏ ਸਨ। 49 ਸਾਲਾ ਜੱਜ ਨੂੰ 28 ਜੁਲਾਈ, 2021 ਨੂੰ ਸਵੇਰੇ ਸੈਰ ਕਰਦੇ ਸਮੇਂ ਆਟੋਰਿਕਸ਼ਾ ਨੇ ਪਿੱਛੋਂ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਮੁਲਜ਼ਮਾਂ ਦੀ ਪਛਾਣ ਹੋਈ ਸੀ। ਝਾਰਖੰਡ ਸਰਕਾਰ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ। –ਏਜੰਸੀ