ਮੁੰਬਈ: ਮੁੰਬਈ ਦੀ ਕੋਰਟ ਨੇ ਕਰੋਨਾਵਾਇਰਸ ਫੈਲਾਅ ਰੋਕਣ ਲਈ ਆਇਦ ਲੌਕਡਾਊਨ ਦੌਰਾਨ ਮਨਾਹੀ ਸਬੰਧੀ ਹੁਕਮਾਂ ਦੀ ਕਥਿਤ ਉਲੰਘਣਾ ਕਰਕੇ ਤਬਲੀਗੀ ਜਮਾਤ ਦੇ ਇਕ ਸਮਾਗਮ ’ਚ ਸ਼ਿਰਕਤ ਕਰਨ ਵਾਲੇ ਵਿਦੇਸ਼ ਤੋਂ ਆਏ 20 ਵਿਅਕਤੀਆਂ ਨੂੰ ਦੋਸ਼ਮੁਕਤ ਦੱਸਦਿਆਂ ਰਿਹਾਅ ਕਰ ਦਿੱਤਾ ਹੈ। ਮੈਟਰੋਪਾਲਿਟਨ ਮੈਜਿਸਟਰੇਟ (ਅੰਧੇਰੀ) ਆਰ.ਆਰ.ਖਾਨ ਨੇ ਇਸਤਗਾਸਾ ਧਿਰ ਵੱਲੋਂ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਨਾਕਾਮ ਰਹਿਣ ਮਗਰੋਂ 20 ਵਿਅਕਤੀਆਂ ਨੂੰ ਰਿਹਾਅ ਕਰਨ ਲਈ ਆਖ ਦਿੱਤਾ। ਕੋਰਟ ਨੇ ਕਿਹਾ, ‘ਬਿਨਾਂ ਸ਼ੱਕ ਇਸਤਗਾਸਾ ਧਿਰ ਕੋਲ ਮੁਲਜ਼ਮਾਂ ਖ਼ਿਲਾਫ਼ ਵਿਖਾਉਣ ਲਈ ਕੋਈ ਵੀ ਸਬੂਤ ਨਹੀਂ ਹੈ। ਲਿਹਾਜ਼ਾ ਰਿਕਾਰਡ ਵਿੱਚ ਪੇਸ਼ ਕੀਤੇ ਸਬੂਤਾਂ ਤੇ ਤੱਥਾਂ, ਕੇਸ ਨਾਲ ਸਬੰਧਤ ਸੂਰਤੇ ਹਾਲ ਅਤੇ ਇਸਤਗਾਸਾ ਧਿਰ ਵਲੋਂ ਪੇਸ਼ ਲੋਕਾਂ ਦੀ ਗਵਾਹੀ ਤੋਂ ਸਾਫ਼ ਹੈ ਕਿ ਮੁਲਜ਼ਮਾਂ ਨੇ ਲੌਕਡਾਊਨ ਨੇਮਾਂ ਤੇ ਪੁਲੀਸ ਕਮਿਸ਼ਨਰ ਦੇ ਹੁਕਮਾਂ ਦੀ ਕੋਈ ਉਲੰਘਣਾ ਨਹੀਂ ਕੀਤੀ। -ਪੀਟੀਆਈ