ਪੱਤਰ ਪ੍ਰੇਰਕ
ਪੰਚਕੂਲਾ, 16 ਨਵੰਬਰ
ਰੰਗਮੰਚ, ਫ਼ਿਲਮਾਂ ਤੇ ਹਿੰਦੀ-ਪੰਜਾਬੀ ਲੜੀਵਾਰਾਂ ਦੀ ਕਲਾਕਾਰ ਗੁਰਚਰਨ ਕੌਰ ਬੱਗਣ ਦਾ ਅੱਜ ਦੇਹਾਂਤ ਹੋ ਗਿਆ। ਸੈਕਟਰ-20 ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਉਹ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਪੰਜਾਬੀ ਫ਼ਿਲਮ ‘ਚੰਨ ਪ੍ਰਦੇਸੀ’ ਤੇ ‘ਲੌਂਗ ਦਾ ਲਿਸ਼ਕਾਰਾ’ ਤੋਂ ਇਲਾਵਾ ਦਰਜਨਾਂ ਫ਼ਿਲਮਾਂ ਵਿੱਚ ਕੰਮ ਕੀਤਾ। ਇਸੇ ਤਰ੍ਹਾਂ ਉਨ੍ਹਾਂ ‘ਵਿਹੜਾ ਸ਼ਗਨਾਂ ਦਾ’, ਨਾਟਕ ‘ਕੰਜੂਸ’, ‘ਬੋਦੀ ਵਾਲਾ ਤਾਰਾ’ ਅਤੇ ਨਾਟਕ ‘ਹਿੰਦ ਦੀ ਚਾਦਰ’ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਜ਼ਿੰਦਗੀ ਦਾ ਲੰਮਾ ਸਮਾਂ ਮੁੰਬਈ ਵਿੱਚ ਗੁਜ਼ਾਰਿਆ ਤੇ ਹੁਣ ਡੇਢ ਦਹਾਕੇ ਤੋਂ ਪੰਚਕੂਲਾ ’ਚ ਪਤੀ ਮੋਹਨ ਬੱਗਣ ਨਾਲ ਰਹਿ ਰਹੇ ਸਨ। ਰੰਗਮੰਚ ਦੇ ਕਲਾਕਾਰ ਜਗਜੀਤ ਸਰੀਨ ਸਣੇ ਹੋਰਾਂ ਨੇ ਅੱਜ ਉਨ੍ਹਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।