ਮੁੰਬਈ, 28 ਮਈ
ਸ਼ਿਵ ਸੈਨਾ ਨੇਤਾ ਸੰਜੈ ਰਾਊਤ ਨੇ ਅੱਜ ਐੱਨਸੀਪੀ ਨੇਤਾ ਨਵਾਬ ਮਲਿਕ ਨੂੰ ‘ਕਰੂਜ਼ ਡਰੱਗ ਮਾਮਲੇ’ ਪਿਛਲਾ ‘ਸਵਾਂਗ’ ਸਾਹਮਣੇ ਲਿਆਉਣ ਲਈ ਵਧਾਈ ਦਿੱਤੀ ਹੈ। ਇਸ ਕੇਸ ਵਿੱਚ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਸ਼ਾਮਲ ਸੀ। ਕੋਹਲਾਪੁਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਨਵਾਬ ਮਲਿਕ ਕੇਸ ਪਿਛਲਾ ‘ਸਵਾਂਗ’ ਅਤੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਲਿਆਉਣ ਦੀ ਕੀਮਤ ਅਦਾ ਕਰ ਰਹੇ ਹਨ। ਨਵਾਬ ਮਲਿਕ ਨੇ ਐੱਨਸੀਬੀ ਅਧਿਕਾਰੀ ਸਮੀਰ ਵਾਨਖੇੜੇ ’ਤੇ ਦੋਸ਼ ਲਾਇਆ ਸੀ ਕਿ ਉਹ ਸ਼ਾਹਰੁਖ ਖ਼ਾਨ ਤੋਂ ਜਬਰੀ ਪੈਸੇ ਵਸੂਲਣ ਲਈ ਆਰੀਅਨ ਖ਼ਾਨ ਨੂੰ ਝੂਠੇ ਕੇਸ ’ਚ ਫਸਾ ਰਿਹਾ ਹੈ। ਫਰਵਰੀ ਮਹੀਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨਵਾਬ ਮਲਿਕ ਨੂੰ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਅਤੇ ਉਸ ਦੇ ਸਾਥੀਆਂ ਨਾਲ ਮਨੀ ਲਾਂਡਰਿੰਗ ਸਰਗਰਮੀਆਂ ਸਬੰਧੀ ਜਾਂਚ ਲਈ ਗ੍ਰਿਫ਼ਤਾਰ ਕਰ ਲਿਆ ਸੀ। ਇਹ ਪੁੱਛਣ ’ਤੇ ਕਿ ਕੀ ਸ਼ਿਵ ਸੈਨਾ ਵਾਨਖੇੜੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰੇਗੀ ਦੇ ਜਵਾਬ ਵਿੱਚ ਸੰਜੈ ਰਾਊਤ ਨੇ ਕਿਹਾ, ‘ਅਸੀਂ ਮੰਗ ਕਿਉਂ ਕਰੀਏ? ਕੀ ਸਰਕਾਰ ਇਹ ਨਹੀਂ ਦੇਖ ਸਕਦੀ ਕਿ ਕਿਵੇਂ ਇੱਕ ਨੌਜਵਾਨ ਨੂੰ ਝੂਠੇ ਡਰੱਗ ਕੇਸ ’ਚ ਫਸਾਇਆ ਗਿਆ ਤੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਲੜਕੇ ਨੂੰ ਇੱਕ ਮਹੀਨਾ ਜੇਲ੍ਹ ’ਚ ਰਹਿਣਾ ਪਿਆ। ਕੀ ਇਹ ਨਿਆਂ ਹੈ?’’ -ਪੀਟੀਆਈ