ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਅਕਤੂਬਰ
ਤਰਕਸ਼ੀਲ ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਵਲੋਂ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਭੀਮਾ ਕੋਰੇਗਾਓਂ ਤੇ ਦਿੱਲੀ ਸਾਜਿਸ਼ੀ ਹਿੰਸਾ ਵਿਚ ਦੇਸ਼ਧਰੋਹ ਦੇ ਝੂਠੇ ਕੇਸਾਂ ਤਹਿਤ ਨਜਾਇਜ਼ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ, ਵਕੀਲਾਂ, ਪੱਤਰਕਾਰਾਂ, ਲੇਖਕਾਂ, ਵਿਦਿਆਰਥੀ ਅਤੇ ਜਮਹੂਰੀ ਕਾਰਕੁਨਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਸਥਾਨਕ ਕੰਪਨੀ ਬਾਗ਼ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਮੁਜ਼ਾਹਰੇ ਦੀ ਪ੍ਰਧਾਨਗੀ ਤਰਕਸ਼ੀਲ ਆਗੂ ਹਰਜਿੰਦਰ ਜਲਾਲਪੁਰ ਨੇ ਕੀਤੀ।
ਇਕਾਈ ਦੇ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਅਜਿਹੇ ਗੈਰ ਸੰਵਿਧਾਨਕ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਨਾ ਸਿਰਫ ਕਰੋੜਾਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ, ਸਗੋਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁਲ, ਸਰਕਾਰੀ ਖਰੀਦ, ਸਰਕਾਰੀ ਮੰਡੀਆਂ ਅਤੇ ਭਾਰਤੀ ਖੁਰਾਕ ਨਿਗਮ ਦੇ ਅਦਾਰੇ ਖਤਮ ਕਰਕੇ ਲੱਖਾਂ ਆੜ੍ਹਤੀਆਂ, ਪੱਲੇਦਾਰਾਂ, ਮਜ਼ਦੂਰਾਂ, ਦੁਕਾਨਦਾਰਾਂ, ਟਰਾਂਸਪੋਰਟਰਾਂ ਅਤੇ ਛੋਟੇ ਵਪਾਰੀਆਂ ਨੂੰ ਬੇਕਾਰੀ, ਭੁਖਮਰੀ, ਕਰਜ਼ਿਆਂ ਅਤੇ ਖੁਦਕੁਸ਼ੀਆਂ ਦਾ ਸ਼ਿਕਾਰ ਬਣਾਉਣ ਦੀਆਂ ਸਾਜਿਸ਼ ਵੀ ਕਰ ਰਹੀ ਹੈ, ਜਦੋਂਕਿ ਅਡਾਨੀ,ਅੰਬਾਨੀ ਵਰਗੇ ਕਾਰਪੋਰੇਟ ਅਦਾਰੇ ਹਕੂਮਤਾਂ ਦੀ ਮਿਲੀਭੁਗਤ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਖਰੀਦ ਕੇ ਆਪਣੇ ਲੁੱਟ ਦੇ ਮੁਨਾਫੇ ਵਿਚ ਹੋਰ ਵਾਧਾ ਕਰਨਗੇ। ਤਰਕਸ਼ੀਲ ਆਗੂ ਜਸਪਾਲ ਬਾਸਰਕਾ ਅਤੇ ਮਨਜੀਤ ਬਾਸਰਕੇ ਨੇ ਜਥੇਬੰਦਕ ਕਿਸਾਨ ਅੰਦੋਲਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਐਡਵੋਕੇਟ ਅਮਰਜੀਤ ਬਾਈ ਅਤੇ ਕਾਮਰੇਡ ਬਲਵਿੰਦਰ ਦੁਧਾਲਾ ਨੇ ਭੀਮਾ ਕੋਰੋਗਾਓਂ ਅਤੇ ਦਿੱਲੀ ਹਿੰਸਾ ਦੇ ਝੂਠੇ ਕੇਸਾਂ ਵਿਚ ਗ੍ਰਿਫ਼ਤਾਰ ਪ੍ਰੋ. ਜੀ ਐਨ ਸਾਈ ਬਾਬਾ, ਵਰਵਰਾ ਰਾਓ, ਸੁਧਾ ਭਾਰਦਵਾਜ, ਗੌਤਮ ਨਵਲੱਖਾ, ਆਨੰਦ ਤੇਲਤੂੰਬੜੇ, ਅਰੁਣ ਫਰੇਰਾ ਸਮੇਤ ਸਮੂਹ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।