ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੂਨ
ਚੰਡੀਗੜ੍ਹ ਦੇ ਨਾਗਰਿਕਾਂ ਵੱਲੋਂ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਅਤੇ ਆਲਟ ਨਿਊਜ਼ ਦੇ ਸਹਿ-ਬਾਨੀ ਮੁਹੰਮਦ ਜ਼ੁਬੈਰ ਦੀਆਂ ਗ੍ਰਿਫ਼ਤਾਰੀਆਂ ਖ਼ਿਲਾਫ਼ ਇੱਥੋਂ ਦੇ ਸੈਕਟਰ 17 ਪਲਾਜ਼ਾ ’ਤੇ 30 ਜੂਨ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਬੀਤੇ ਦਿਨਾਂ ਦੌਰਾਨ ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਵੱਲੋਂ ਸੀਤਲਵਾੜ, ਜਦੋਂਕਿ ਦਿੱਲੀ ਪੁਲੀਸ ਵੱਲੋਂ ਜ਼ੁਬੈਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿਟੀਜ਼ਨਜ਼ ਅਗੇਂਸਟ ਡਿਵਾਈਡ (ਸੀਏਡੀ) ਚੰਡੀਗੜ੍ਹ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਸਹਿਮਤੀ ਰੱਖਣ ਵਾਲੀਆਂ ਆਵਾਜ਼ਾਂ ਨੂੰ ਦਬਾਅ ਰਹੀ ਹੈ। ਉਨ੍ਹਾਂ ਲੋਕਾਂ ਨੂੰ ਮੋਦੀ ਸਰਕਾਰ ਵੱਲੋਂ ਲੋਕਤੰਤਰ ’ਤੇ ਲਗਾਤਾਰ ਵਿੱਢੇ ਜਾ ਰਹੇ ਹਮਲੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।