ਪਾਲ ਸਿੰਘ ਨੌਲੀ
ਜਲੰਧਰ, 15 ਦਸੰਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਾਲ 2022 ਦੀਆਂ ਚੋਣਾਂ ਵਿਕਾਸ ਦੇ ਏਜੰਡੇ ’ਤੇ ਲੜੇਗੀ ਅਤੇ ਵੱਡੀ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਪੰਜਾਬ ਸਮੇਤ ਦੇਸ਼ ਭਰ ’ਚ ਦਿੱਲੀ ਸਰਕਾਰ ਦੀ ‘ਕੰਮ ਦੀ ਰਾਜਨੀਤੀ’ ਨੇ ਇੱਕ ਨਵੀਂ ਉਮੀਦ ਜਗਾਈ ਹੈ। ਆਪਣੀ ਦੋ ਰੋਜ਼ਾ ਪੰਜਾਬ ਫੇਰੀ ਦੇ ਪਹਿਲੇ ਦਿਨ ਅੱਜ ਇੱਥੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਉਮੀਦਵਾਰਾਂ ਨਾਲ ਮੀਟਿੰਗ ਕਰ ਰਹੇ ਸਨ। ਬੈਠਕ ’ਚ ਸੂਬਾ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਵੀ ਤੇ ਹਾਜ਼ਰ ਸਨ। ਕੇਜਰੀਵਾਲ ਨੇ ਦੱਸਿਆ ਕਿ ਜੇਕਰ ਸੂਬੇ ਨੂੰ ਵਿਕਾਸ ਦੀ ਪਟੜੀ ’ਤੇ ਚੜ੍ਹਾਉਣਾ ਹੈ ਤਾਂ ਇਸ ਲਈ ਸਾਫ਼ ਸਪੱਸ਼ਟ ਨੀਅਤ, ਨੀਤੀ ਅਤੇ ਇਮਾਨਦਾਰੀ ਦੇ ਨਾਲ ਦ੍ਰਿੜ ਸਿਆਸੀ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਅਤੇ ਪੰਜਾਬੀਆਂ ਦੀ ਬਦਕਿਸਮਤੀ ਰਹੀ ਹੈ ਕਿ ਜਿਨ੍ਹਾਂ (ਕਾਂਗਰਸ, ਬਾਦਲ, ਭਾਜਪਾ) ਨੂੰ ਸੱਤਾ ਸੌਂਪੀ, ਉਹ ਇੱਕ-ਦੂਜੇ ਤੋਂ ਵੱਧ ਕੇ ਬੇਈਮਾਨ ਨਿਕਲੇ। ਇਸ ਮੌਕੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਸਮੇਤ ਲਾਲ ਚੰਦ ਕਟਾਰੂਚੱਕ, ਰਾਜਵਿੰਦਰ ਕੌਰ, ਸੁਰਿੰਦਰ ਸਿੰਘ ਸੋਢੀ, ਪ੍ਰੇਮ ਕੁਮਾਰ, ਨੀਲ ਗਰਗ ਅਤੇ ਹੋਰ ਉਮੀਦਵਾਰ ਹਾਜ਼ਰ ਸਨ।