ਦਲਬੀਰ ਸਿੰਘ ਧਾਲੀਵਾਲ
ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਵੀ ਸ਼ਖ਼ਸੀਅਤ ਦੇ ਜੀਵਨ ਦੇ ਦੋ ਮੁੱਖ ਪੱਖ ਹੁੰਦੇ ਹਨ। ਪਹਿਲਾ ਇਹ ਕਿ ਉਸ ਦੀ ਵਿਰਾਸਤ ਕੀ ਹੈ ਤੇ ਦੂਜਾ ਇਹ ਕਿ ਉਹ ਕਿਹੋ ਜਿਹੇ ਵਾਤਾਵਰਨ ਵਿੱਚ ਜੀਵਿਆ ਹੈ। ਆਮ ਮਨੁੱਖ ਉਹ ਹੈ ਜਿਹੜਾ ਪ੍ਰਾਪਤ ਹਾਲਾਤ ਨਾਲ ਸਮਝੌਤਾ ਕਰ ਲੈਂਦਾ ਹੈ। ਜਿਹੜੇ ਮਨੁੱਖ ਦਾ ਬਚਪਨ ਇਨ੍ਹਾਂ ਦੋਹਾਂ ਪੱਖਾਂ ਦੀਆਂ ਹੱਦਾਂ ਦੀ ਕੈਦ ਤੋਂ ਬਾਗੀ ਹੋ ਜਾਂਦੀ ਹੈ ਜਾਂ ਅੱਗੇ ਲੰਘ ਜਾਂਦਾ ਹੈ, ਉਸ ਨੂੰ ਅਸੀਂ ਵਿਅਕਤੀ ਵਿਸ਼ੇਸ਼ ਜਾਂ ਪ੍ਰਭਿਤਾਵਾਨ ਵਿਅਕਤੀ ਆਖਦੇ ਹਾਂ। ਭਗਤ ਨਾਮਦੇਵ ਵੀ ਅਜਿਹੇ ਹੀ ਮਹਾਂਪੁਰਖ ਸਨ। ਭਗਤ ਨਾਮਦੇਵ ਦਾ ਆਗਮਨ ਜਦੋਂ 12ਵੀਂ-13ਵੀਂ ਸਦੀ ਵਿੱਚ ਹੋਇਆ ਤਾਂ ਉਦੋਂ ਭਾਰਤੀ ਸਮਾਜ ਜਾਤ-ਪਾਤ, ਊੁਚ-ਨੀਚ ਅਤੇ ਵਰਨਵੰਡ ਜਿਹੀਆਂ ਕੁਰੀਤੀਆਂ ਵਿੱਚ ਜਕੜਿਆ ਹੋਇਆ ਸੀ। ਇਸ ਵਿੱਚ ਬ੍ਰਾਹਮਣਵਾਦੀ ਅਤੇ ਧਨਾਢ ਲੋਕਾਂ ਦਾ ਬੋਲਬਾਲਾ ਸੀ। ਅਜਿਹੇ ਸਮਿਆਂ ਵਿੱਚ ਇੱਥੇ ਸ਼ੁਰੂ ਹੋਈ ਭਗਤੀ ਲਹਿਰ, ਜੋ ਸਮਾਜ ਸੁਧਾਰਕ ਅਤੇ ਨਵੀਂ ਕ੍ਰਾਂਤੀ ਦਾ ਧਾਰਮਿਕ ਸੰਦੇਸ਼ ਦਿੰਦੀ ਸੀ, ਉਦੋਂ ਦੇ ਦੱਬੇ ਕੁਚਲੇ ਤੇ ਲਤਾੜੇ-ਪਛਾੜੇ ਲੋਕਾਂ ਲਈ ਇੱਕ ਸੰਜੀਵਨੀ ਬੂਟੀ ਸਾਬਤ ਹੋਈ। ਇਸ ਭਗਤੀ ਲਹਿਰ ਦੇ ਭਗਤ ਨਾਮਦੇਵ ਦਾ ਆਗਮਨ 26 ਅਕਤੂਬਰ 1270 (ਕੱਤਕ ਸੂਦੀ 11, ਸਾਕਾ ਸੰਮਤ 1192) ਨੂੰ ਮਹਾਰਾਸ਼ਟਰ ਸੂਬੇ ਦੇ ਅਜੋਕੇ ਜ਼ਿਲ੍ਹੇ ਹਿੰਗੋਲੀ (ਪੁਰਾਣਾ ਜ਼ਿਲ੍ਹਾ ਪ੍ਰਭਣੀ) ਦੇ ਕਸਬਾ ਰੂਪ ਪਿੰਡ ਨਰਸੀ ਬਾਮਣੀ ਵਿੱਚ ਹੋਇਆ, ਜਿੱਥੇ ਅੱਜ-ਕੱਲ੍ਹ ਇੱਕ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਇੱਥੋਂ ਦੀ ਸਰਕਾਰ ਨੇ ਹੁਣ ਇਸ ਦਾ ਨਾਂ ‘ਨਰਸੀ ਨਾਮਦੇਵ’ ਰੱਖ ਦਿੱਤਾ ਹੈ। ਇਤਿਹਾਸਕਾਰਾਂ ਅਨੁਸਾਰ ਨਾਮਦੇਵ ਜੀ ਦੇ ਪਿਤਾ ਦਾ ਨਾਂ ਦਾਮਸੇਠ. ਮਾਤਾ ਦਾ ਨਾਂ ਗੋਨਾਬਾਈ ਅਤੇ ਭੈਣ ਦਾ ਨਾਂ ਔਬਾਈ ਲਿਖਿਆ ਗਿਆ ਹੈ। ਨਾਮਦੇਵ ਜੀ ਦੇ ਮਾਤਾ-ਪਿਤਾ ਕੱਪੜੇ ਸਿਉਣ ਅਤੇ ਰੰਗਣ ਦਾ ਕੰਮ ਕਰਦੇ ਸਨ। ਭਗਤ ਨਾਮਦੇਵ ਨੇ ਸੁਰਤ ਸੰਭਾਲਦੇ ਹੀ ਆਪਣੇ ਆਸ-ਪਾਸ ਪਸਰੇ ਉਸ ਮਾਹੌਲ ਨੂੰ ਗੋਹ ਨਾਲ ਵਾਚਣਾ ਸ਼ੁਰੂ ਕਰ ਦਿੱਤਾ, ਜਿੱਥੇ ਦਲਿਤ, ਗਰੀਬ ਅਤੇ ਕਮਜ਼ੋਰ ਲੋਕਾਂ ਨੂੰ ਸਹੀ ਧਾਰਮਿਕ ਅਤੇ ਸਮਾਜਿਕ ਗਿਆਨ ਤੋਂ ਦੂਰ ਰੱਖਦੇ ਹੋਏ ਉਸ ਸਮੇਂ ਦੇ ਪਾਖੰਡੀ ਅਤੇ ਪੁਜਾਰੀ ਸਿਸਟਮ ਦਾ ਸ਼ਿਕਾਰ ਤਾਂ ਬਣਾਇਆ ਹੀ ਜਾ ਰਿਹਾ ਸੀ ਪਰ ਇਸ ਦੇ ਨਾਲ ਹੀ ਹੁਕਮਰਾਨਾਂ ਵੱਲੋਂ ਇਨ੍ਹਾਂ ਉਪਰ ਜ਼ੁਲਮ ਢਾਏ ਜਾ ਰਹੇ ਸਨ। ਇਸ ਪ੍ਰਤੀ ਭਗਤ ਨਾਮਦੇਵ ਨੇ ਸੱਚੀ ਪ੍ਰਭੂ ਭਗਤੀ ਦੀ ਅਰਾਧਨਾ ਕਰਦੇ ਹੋਏ ਆਪਣੇ ਗਿਆਨ ਦਾ ਸਹੀ ਦ੍ਰਿਸ਼ਟੀਕੋਣ ਇਨ੍ਹਾਂ ਗਰੀਬ ਲੋਕਾਂ ਵਿੱਚ ਫੈਲਾ ਕੇ ਉਨ੍ਹਾਂ ਦੇ ਮਨਾਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ । ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਅਤਿਆਚਾਰੀ ਧਾਰਮਿਕ ਪਾਖੰਡੀਆਂ ਦੀ ਬੇਖੌਫ ਅਤੇ ਨਿਧੜਕ ਹੋ ਕੇ ਨਿਖੇਧੀ ਕੀਤੀ:
ਹਿੰਦੂ ਅੰਨ੍ਹਾ ਤੁਰਕੂ ਕਾਣਾ।
ਦੁਹਾਂ ਤੇ ਗਿਆਨੀ ਸਿਆਣਾ।।
ਜ਼ਿਕਰਯੋਗ ਹੈ ਕਿ ਉਨ੍ਹਾਂ ਸਮਿਆਂ ਵਿੱਚ ਕਿਸੇ ਉਚ ਸ਼੍ਰੇਣੀ ਵਿਅਕਤੀ ਵੱਲੋਂ ਬ੍ਰਾਹਮਣਵਾਦ ਦੀ ਕੀਤੀ ਨੁਕਤਾਚੀਨੀ ਤਾਂ ਬਰਦਾਸ਼ਤ ਹੋ ਸਕਦੀ ਸੀ ਪਰ ਇਹ ਗੱਲ ਬਿਲਕੁਲ ਸਹਿਨ ਨਹੀਂ ਸੀ ਹੋ ਸਕਦੀ ਕਿ ਭਗਤ ਨਾਮਦੇਵ ਜਿਹਾ ਕੋਈ ਦਲਿਤ ਵਿਅਕਤੀ ਬ੍ਰਾਹਮਣਵਾਦ ਵਿਰੁੱਧ ਆਪਣੀ ਜ਼ੁਬਾਨ ਖੋਲ੍ਹਣ ਦੀ ਜੁਰਅਤ ਵੀ ਕਰੇ। ਪਰ ਭਗਤ ਨਾਮਦੇਵ ਨੇ ਉਦੋਂ ਇਹ ਸਮਾਜ ਸੁਧਾਰਕ ਤੇ ਕ੍ਰਾਂਤੀਕਾਰੀ ਲਫਜ਼ ਆਪਣੀ ਬਾਣੀ ਰਾਹੀਂ ਕਹੇ ਸਨ। ਉਨ੍ਹਾਂ ਦੀ ਬਾਣੀ ਦੱਸਦੀ ਹੈ ਕਿ ਅੰਨ੍ਹੀ ਧਾਰਮਿਕ ਕੱਟੜਤਾ ਈਰਖਾ ਨੂੰ ਜਨਮ ਦਿੰਦੀ ਹੈ। ਲੋਕ ਮੰਦਰ, ਮਸਜਿਦ ਅਤੇ ਹੋਰ ਧਰਮ ਸਥਾਨਾਂ ਦੇ ਨਾਂ ’ਤੇ ਲੜਨ-ਮਰਨ ਨੂੰ ਤਿਆਰ ਹੋ ਜਾਂਦੇ ਹਨ ਪਰ ਉਨ੍ਹਾਂ ਵਿੱਚ ਨੈਤਿਕ ਤੇ ਦੈਵੀ ਗੁਣ ਖ਼ਤਮ ਹੋ ਜਾਂਦੇ ਹਨ, ਜਿਸ ਪ੍ਰਤੀ ਭਗਤ ਨਾਮਦੇਵ ਨੇ ਆਪਣੇ ਵਿਚਾਰ ਇੰਝ ਪ੍ਰਗਟ ਕੀਤੇ:
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ।
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ।।
ਭਗਤ ਨਾਮਦੇਵ ਦੇ ਗੁਰੂ ਵਿਸ਼ੋਭਾ ਖੇਚਰ ਸਨ, ਜੋ ਮੂਰਤੀ ਪੂਜਾ ਦੇ ਸਖ਼ਤ ਵਿਰੋਧੀ ਸਨ, ਜਿਨ੍ਹਾਂ ਨੇ ਬਾਣੀ ਉਚਾਰੀ, ‘‘ਪਾਸ਼ਨਾ-ਚਾ ਦੇਵ ਬੇਲਚੇ ਨਾ ਕਧੀ।’’ ਭਾਵ ਪੱਥਰ ਦੇ ਦੇਵਤੇ ਕਦੇ ਬੋਲਦੇ ਨਹੀਂ। ਗੁਰੂ ਧਾਰਨ ਮਗਰੋਂ ਭਗਤ ਨਾਮਦੇਵ ਜੀ ਨਿਰਾਕਾਰ ਪ੍ਰਭੂ ਦੀ ਹੋਰ ਦ੍ਰਿੜਤਾ ਨਾਲ ਅਰਾਧਨਾ ਵਿੱਚ ਲੱਗ ਗਏ। ਉਹ ਹਰ ਸ਼ੈਅ ਅਤੇ ਪ੍ਰਾਣੀ ਵਿੱਚ ਵਿਆਪਕ ਪ੍ਰਭੂ ਵੇਖਣ ਲੱਗੇ। ਇਸ ਲਈ ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਅਤੇ ਬਰਾਬਰ ਸਮਝਣ ਦਾ ਸੰਦੇਸ਼ ਦਿੱਤਾ । ਉਨ੍ਹਾਂ ਨੇ ਆਪਣੇ ਗੁਰੂ ਦੀ ਵਿਚਾਰਧਾਰਾ ਤੋਂ ਪ੍ਰਾਪਤ ਕੀਤੇ ਗਿਆਨ ਅਨੁਸਾਰ ਇਹ ਪਾਵਨ ਬਚਨ ਉਚਾਰਨ ਕੀਤੇ:
ਏਕੈ ਪਾਥਰ ਕੀਜੈ ਭਾਉ ।।
ਦੂਜੈ ਪਾਥਰ ਧਰੀਐ ਪਾਉ ।।
ਜੇ ਓਹੁ ਦੇਉ ਤ ਓਹੁ ਭੀ ਦੇਵਾ ।।
ਕਹਿ ਨਾਮਦੇਉ ਹਮ ਹਰਿ ਕੀ ਸੇਵਾ ।।
ਭਾਵ ਕਿ ਅਜੀਬ ਗੱਲ ਹੈ ਕਿ ਇੱਕ ਪੱਥਰ ਨੂੰ ਦੇਵਤਾ ਬਣਾ ਕੇ ਪੂਜਿਆ ਜਾਂਦਾ ਹੈ ਤੇ ਦੂਜੇ ਪੱਥਰਾਂ ’ਤੇ ਪੈਰ ਰੱਖਿਆ ਜਾਂਦਾ ਹੈ। ਜੇ ਪੂੁਜਣ ਵਾਲਾ ਪੱਥਰ ਕੋਈ ਫਲ ਦੇ ਸਕਦਾ ਹੈ ਤਾਂ ਦੂਜੇ ਨੂੰ ਵੀ ਅਜਿਹਾ ਫਲ ਦੇਣਾ ਚਾਹੀਦਾ ਹੈ। ਨਾਮਦੇਵ ਜੀ ਕਹਿੰੰਦੇ ਹਨ ਕਿ ਪੱਥਰਾਂ ਨੂੰ ਛੱਡ ਕੇ ਸੱਚੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਜੇ ਭਗਤ ਨਾਮਦੇਵ ਦੇ ਇਤਿਹਾਸ ਦੀ ਪੂਰੀ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੀ ਬਾਣੀ ਵਿੱਚ ਪ੍ਰਭੂ ਦੀ ਸੱਚੀ ਭਗਤੀ ਕਰਨ ਵਾਲਿਆਂ ਨੂੰ ਤੀਰਥ ਯਾਤਰਾ, ਯੱਗਾਂ ਵਿੱਚ ਬਲੀਆਂ ਦੇਣਾ, ਵਰਤ ਰੱਖਣੇ, ਮੂਰਤੀ ਪੂਜਾ ਆਦਿ ਅੰਧ-ਵਿਸ਼ਵਾਸਾਂ, ਧਾਰਮਿਕ ਭੇਖਾਂ ਅਤੇ ਵਰਨਵੰਡ ’ਤੇ ਆਧਾਰਿਤ ਜਾਤ-ਪਾਤ ਜਿਹੇ ਵਿਕਾਰਾਂ ਤੋਂ ਵਰਜਿਆ ਹੈ। ਇਸ ਤਰ੍ਹਾਂ ਉਨ੍ਹਾਂ ਦੀ ਬਾਣੀ ਵਿੱਚ ਪ੍ਰਗਟਾਏ ਵਿਚਾਰ ਗੁਰਬਾਣੀ ਨਾਲ ਮਿਲਦੇ ਜੁਲਦੇ ਹਨ। ਜਿਵੇਂ ਗੁਰੂ ਨਾਨਕ ਦੇਵ ਨੇ 15ਵੀਂ ਸਦੀ ਵਿਚ ਜੋ ਨਾਮ ਜਪੋ ਤੇ ਕਿਰਤ ਕਰੋ ਦਾ ਉਪਦੇਸ਼ ਖੇਤਾਂ ਵਿੱਚ ਹੱਲ ਵਾਹ ਕੇ ਦਿੱਤਾ ਸੀ ਉਵੇਂ ਹੀ ਭਗਤ ਨਾਮਦੇਵ ਨੇ ਇਸ ਤੋਂ 200 ਸਾਲ ਪਹਿਲਾਂ 13ਵੀਂ ਸਦੀ ਵਿੱਚ ਅਜਿਹੀ ਵਿਚਾਰਧਾਰਾ ਪ੍ਰਗਟ ਕੀਤੀ ਸੀ। ਭਗਤ ਤ੍ਰਿਲੋਚਨ ਜੀ ਕਹਿੰਦੇ ਹਨ:
‘‘ਹੇ ਮਿੱਤਰ ਨਾਮਦੇਵ, ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈ । ਇਹ ਅੰਬਰੇ (ਕੱਪੜੇ) ਕਿਉਂ ਠੇਕ (ਛਾਪ) ਰਿਹਾ ਹੈ? ਪ੍ਰਮਾਤਮਾ ਨਾਲ ਚਿੱਤ ਕਿਉਂ ਨਹੀਂ ਜੋੜਦਾ;
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ।।
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ।।
ਭਗਤ ਨਾਮਦੇਵ ਜੀ ਨੇ ਉੱਤਰ ਦਿੱਤਾ ਸੀ, ‘‘ਹੇ ਤ੍ਰਿਲੋਚਨ- ਮੁੂੰਹ ਨਾਲ ਪ੍ਰਮਾਤਮਾ ਦਾ ਨਾਂ ਲਓ, ਹੱਥਾਂ ਪੈਰਾਂ ਨਾਲ ਕੰਮ-ਕਾਜ ਕਰੋ ਅਤੇ ਆਪਣਾ ਮਨ ਮਾਇਆ ਰਹਿਤ ਪਰਮਾਤਮਾ ਨਾਲ ਜੋੜੋ, ਇਹੋ ਹੀ ਪਰਮਾਤਮਾ ਦੀ ਸੱਚੀ ਭਗਤੀ ਹੈ;
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਰਾਲਿ ।।
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ।।
ਇਸ ਲਈ ਹੀ ਗੁਰੂ ਨਾਨਕ ਦੇਵ ਨੇ ਭਗਤ ਨਾਮਦੇਵ ਦੀ ਬਾਣੀ ਉਨ੍ਹਾਂ ਦੇ ਸ਼ਰਧਾਲੂਆਂ ਤੋਂ ਇਕੱਤਰ ਕੀਤੀ ਤੇ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਉਸ ਨੂੰ ਵੱਖ ਵੱਖ ਰਾਗਾਂ ਵਿੱਚ ਦਰਜ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਦੇ ਦੇ 61 ਸ਼ਬਦ, 18 ਰਾਗਾਂ ਵਿੱਚ ਦਰਜ ਮਿਲਦੇ ਹਨ। ਉਨ੍ਹਾਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਵਿੱਚ ਦਰਜ ਹੈ, ਉਹ ਉਸ ਸਮੇਂ ਦੇ ਭਾਰਤ ਦੀ ਸਰਬਸਾਂਝੀ ਬੋਲੀ ਵਿੱਚ ਹੈ, ਜੋ ਆਮ ਤੌਰ ’ਤੇ ਹਿੰਦੀ ਹੀ ਹੈ। ਕਈ ਲਫਜ਼ ਮਰਾਠੀ, ਪ੍ਰਾਕ੍ਰਿਤ, ਸੰਸਕ੍ਰਿਤ ਤੇ ਫ਼ਾਰਸੀ ਦੇ ਵੀ ਵਰਤੇ ਹਨ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਉਨ੍ਹਾਂ ਦੇ ਨਾਂ ਦੀ ਬਾਣੀ ਭਾਰੀ ਮਾਤਰਾ ਵਿੱਚ ਧਾਰਮਿਕ ਕਵਿਤਾ ਦੇ ਰੂਪ ਵਿੱਚ ਮਿਲਦੀ ਹੈ, ਜੋ ਮਰਾਠੀ ਵਿਚ ਹੈ ਤੇ ਕੁੱਝ ਸ਼ਬਦ ਹਿੰਦੀ ਵਿੱਚ ਵੀ ਹਨ। ਇਸ ਬਾਣੀ ਦੇ ਸੰਗ੍ਰਹਿ ਨੂੰ ‘ਨਾਮਦੇਵ ਗਾਥਾ’ ਕਿਹਾ ਜਾਂਦਾ ਹੈ।
ਅੱਜ ਇਹ ਗੰਭੀਰ ਵਿਚਾਰ ਦਾ ਵਿਸ਼ਾ ਹੈ ਕਿ ਜੋ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਨੂੰ ਕਰੀਬ ਰੋਜ਼ਾਨਾ ਹੀ ਨਤਮਸਤਕ ਹੁੰਦੇ ਹਨ, ਉਹ ਭਗਤ ਨਾਮਦੇਵ ਦੀ ਬਾਣੀ ਨੂੰ ਆਪਣਾ ਸਿਰ ਤਾਂ ਝੁਕਾਉਂਦੇ ਹਨ ਪਰ ਉਨ੍ਹਾਂ ’ਚੋਂ ਬਹੁਤ ਸਾਰੇ ਬਾਹਰ ਆ ਕੇ ਉੱਚ ਜਾਤੀ ਦੀ ਹਊਮੈ ਵਸ ਹੋ ਕੇ ਵਿਚਰਦੇ ਹੋਏ ਫਿਰ ਜਾਤੀ-ਪਾਤੀ ਅਤੇ ਊਚ-ਨੀਚ ਵਾਲੀ ਭਾਵਨਾ ਪ੍ਰਗਟ ਕਰਦੇ ਹਨ। ਇਸੇ ਤਰ੍ਹਾਂ ਹੀ ਇਨ੍ਹਾਂ ’ਚੋਂ ਹੀ ਬਹੁਤ ਸਾਰੇ, ਵਹਿਮਾ-ਭਰਮਾਂ, ਪਾਖੰਡਵਾਦ, ਜੋਤਿਸ਼ਾਂ ਅਤੇ ਅਜਿਹੇ ਹੋਰ ਕਈ ਕਰਮਕਾਂਡਾਂ ਵਿੱਚ ਫਸੇ ਹੋਏ ਹਨ। ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਇਨ੍ਹਾਂ ਲੋਕਾਂ ਦਾ ਇਹ ਸਭ ਵਰਤਾਰਾ ਭਗਤ ਨਾਮਦੇਵ ਪ੍ਰਤੀ ਬੇਮੁੱਖ ਹੋਣ ਅਤੇ ਉਨ੍ਹਾਂ ਦੀ ਸਮਾਜ ਸੁਧਾਰਕ ਬਾਣੀ ਦਾ ਨਿਰਾਦਰ ਕਰਨ ਵਾਲੀ ਗੱਲ ਹੈ। ਅਜਿਹੀ ਵਿਤਕਰੇ ਵਾਲੀ ਸੋਚ ਦਾ ਤਿਆਗ ਹੋਣਾ ਅੱਜ ਬਹੁਤ ਜ਼ਰੂਰੀ ਹੈ।
ਆਖਰੀ ਦਿਨਾਂ ਵਿੱਚ ਭਗਤ ਨਾਮਦੇਵ ਦੇ ਸਭ ਸਾਥੀ ਜਦ ਕਾਲ-ਵਸ ਹੋ ਗਏ ਤਾਂ ਉਹ ਮਹਾਰਾਸ਼ਟਰ ਤੋਂ ਪੰਜਾਬ ਆ ਗਏ। ਉਨ੍ਹਾਂ ਨੇ ਜੀਵਨ ਦੇ ਆਖਰੀ ਲਗਪਗ 20 ਸਾਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿੱਚ ਗੁਜ਼ਾਰੇ, ਜਿੱਥੇ ਉਹ 15 ਜਨਵਰੀ 1350 ਵਿੱਚ ਅਕਾਲ ਚਲਾਣਾ ਕਰ ਗਏ। ਇਤਿਹਾਸਕਾਰ ਪੂਰਨ ਸਿੰਘ ਮੁਤਾਬਿਕ ਇਸ ਜਗ੍ਹਾ ’ਤੇ ਮੁਹੰਮਦ ਤੁਗ਼ਲਕ ਦੇ ਪੁੱਤਰ ਫ਼ਿਰੋਜ਼ ਤੁਗਲਕ ਨੇ ਉਨ੍ਹਾਂ ਦੀ ਸਮਾਧ ਬਣਵਾਈ ਸੀ, ਜੋ ਅੱਜ ਵੀ ਮੌਜੂਦ ਹੈ। ਇੱਥੇ ਹਰ ਸਾਲ ਮਾਘ ਦੀ ਦੂਜ ਨੂੰ ਭਾਰੀ ਮੇਲਾ ਲੱਗਦਾ ਹੈ। ਸੋ ਅਜੋਕੇ ਦੌਰ ਵਿੱਚ ਜਦੋਂ ਕਿ ਸਾਡੀ ਮਨੁੱਖਤਾ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਪੱਖੋਂ ਆਪਸੀ ਭੇਦ-ਭਾਵ, ਗੈਰ-ਇਖਲਾਕੀ ਕਦਰਾਂ-ਕੀਮਤਾਂ ਅਤੇ ਅਨਿਸ਼ਚਤਾ ਵਾਲੇ ਮਾਹੌਲ ’ਚੋਂ ਦੀ ਗੁਜ਼ਰ ਰਹੀ ਹੈ, ਤਾਂ ਅਜਿਹੇ ਸਮੇਂ ਸਾਨੂੰ ਸਭ ਨੂੰ ਭਗਤ ਨਾਮਦੇਵ ਦੀ ਬਾਣੀ ਤੋਂ ਸਿੱਖਿਆ ਲੈਣ ਦੀ ਸਖ਼ਤ ਜ਼ਰੂਰਤ ਹੈ।
ਸੰਪਰਕ: 99155-21037