ਅਜੈ ਮਲਹੋਤਰਾ
ਬੱਸੀ ਪਠਾਣਾਂ, 20 ਅਕਤੂਬਰ
ਬੱਸੀ ਪਠਾਣਾਂ ਦੀ ਨਗਰ ਕੌਂਸਲ ਵੱਲੋਂ ਅੱਜ ਪੰਜਾਬ ਨੈਸ਼ਨਲ ਬੈਂਕ ਦੀ ਸਥਾਨਕ ਸ਼ਾਖਾ ਨੂੰ ਪ੍ਰਾਪਰਟੀ ਟੈਕਸ ਨਾ ਭਰਨ ਕਰ ਕੇ ਸੀਲ ਕਰ ਦਿੱਤਾ ਗਿਆ। ਅਚਾਨਕ ਬੰਦ ਹੋਈ ਬੈਂਕ ਦੀ ਸ਼ਾਖਾ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਗਿਆ। ਇਸ ਹਾਲਤ ਤੋਂ ਪੈਦਾ ਹੋਈ ਗੰਭੀਰ ਸਥਿਤੀ ਦੇ ਤੁਰੰਤ ਨਿਪਟਾਰੇ ਲਈ ਪੰਜਾਬ ਨੈਸ਼ਨਲ ਬੈਂਕ ਦੇ ਫਤਹਿਗੜ੍ਹ ਸਾਹਿਬ ਤੋਂ ਡੀਸੀਓ ਜਸਵੰਤ ਸਿੰਘ ਨੇ ਬੱਸੀ ਪਠਾਣਾਂ ਦੇ ਐੱਸ.ਡੀ.ਐੱਮ. ਜਸਪ੍ਰੀਤ ਸਿੰਘ ਅਤੇ ਕਾਰਜਸਾਧਕ ਅਫਸਰ ਨਾਲ ਮਨਜੀਤ ਸਿੰਘ ਢੀਂਡਸਾ ਨਾਲ ਸੰਪਰਕ ਕਰ ਕੇ ਟੈਕਸ ਭਰਵਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਐਕਸਿਸ ਬੈਂਕ ਦੀ ਇਮਾਰਤ ਦੇ ਮਾਲਕ ਨੇ ਭਰਵਾਉਣਾ ਸੀ ਪਰ ਉਸ ਨੇ ਨਹੀਂ ਭਰਵਾਇਆ, ਇਸ ਕਰ ਕੇ ਸਮੱਸਿਆ ਹੋਈ ਹੈ।
ਬੱਸੀ ਪਠਾਣਾਂ ਨਗਰ ਕੌਂਸਲ ਦੇ ਐੱਸ.ਡੀ.ਐੱਮ. ਜਸਪ੍ਰੀਤ ਸਿੰਘ ਅਤੇ ਕਾਰਜਸਾਧਕ ਅਫਸਰ ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੀ ਸਥਾਨਕ ਸ਼ਾਖਾ ਵੱਲ ਕੌਂਸਲ ਦਾ ਸਾਲ 2014 ਤੋਂ ਤਿੰਨ ਲੱਖ ਪੈਂਤੀ ਹਜ਼ਾਰ ਪੰਜ ਸੌ ਪੰਤਾਲੀ ਰੁਪਏ ਦੇ ਪ੍ਰਾਪਰਟੀ ਟੈਕਸ ਬਕਾਇਆ ਹੈ ਅਤੇ ਇਸ ਨੂੰ ਜਮਾਂ ਕਰਵਾਉਣ ਲਈ ਸਮੇਂ-ਸਮੇਂ ’ਤੇ ਬੈਂਕ ਦੇ ਮਾਲਕ ਅਤੇ ਸ਼ਾਖਾ ਪ੍ਰਬੰਧਕ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਜਾ ਰਿਹਾ ਸੀ ਪਰ ਮਾਲਕ ਅਤੇ ਬੈਂਕ ਵੱਲੋਂ ਕੌਂਸਲ ਨੂੰ ਕਦੇ ਵੀ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੱਲ ਵੀ ਬੈਂਕ ਦੇ ਪ੍ਰਬੰਧਕ ਆਰਕੇ ਗਾਵਰੀ ਨਾਲ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਬੈਂਕ ਦੇ ਮਾਲਕ ਦਾ ਕਿਰਾਇਆ ਪਿਆ ਹੈ ਉਸ ਵਿੱਚੋਂ ਪੈਸੇ ਜਮਾਂ ਕਰਵਾ ਦੇਣਗੇ ਪਰ ਅਜਿਹਾ ਨਹੀਂ ਹੋਇਆ। ਬੈਂਕ ਦੀ ਡਿਪਟੀ ਪ੍ਰਬੰਧਕ ਮੈਡਮ ਤਮੰਨਾ ਨੇ ਦੱਸਿਆ ਕਿ ਕੌਂਸਲ ਨੇ ਟੈਕਸ ਬੈਂਕ ਮਾਲਕ ਤੋਂ ਲੈਣਾ ਹੈ ਨਾ ਕਿ ਬੈਂਕ ਤੋਂ ਇਸ ਕਰ ਕੇ ਬੈਂਕ ਨੂੰ ਸੀਲ ਨਹੀਂ ਸੀ ਕੀਤਾ ਜਾਣਾ ਚਾਹੀਦਾ। ਮੌਕੇ ’ਤੇ ਹਾਜ਼ਰ ਬੈਂਕ ਅਧਿਕਾਰੀਆਂ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢ ਕੇ ਬੈਂਕ ਨੂੰ ਅੱਜ ਹੀ ਖੋਲ੍ਹਿਆ ਜਾਵੇਗਾ।