ਲੰਡਨ, 5 ਜੁਲਾਈ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਨੇ ਸੋਮਵਾਰ ਨੂੰ ਮੁਲਕ ਦੀ ਸਿਹਤ ਸੇਵਾ ਦੀ 73ਵੀਂ ਵਰ੍ਹੇਗੰਢ ਮੌਕੇ ਰਾਸ਼ਟਰੀ ਸਿਹਤ ਸੇਵਾ (ਐੱਨਐੱਚਐੱਸ) ਨੂੰ ਜੌਰਜ ਕਰਾਸ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਜੌਰਜ ਕ੍ਰਾਸ ਬ੍ਰਿਟੇਨ ’ਚ ਸੰਕਟ ਦੀ ਘੜੀ ’ਚ ਬਹਾਦਰੀ ਦੇ ਕਾਰਨਾਮਿਆਂ ਨਾਲ ਜੁੜੇ ਸਰਬਉੱਚ ਸਨਮਾਨਾਂ ’ਚੋਂ ਇਕ ਹੈ, ਜੋ 70 ਤੋਂ ਵੱਧ ਸਾਲਾਂ ਤੋਂ ਦਿੱਤਾ ਜਾ ਰਿਹਾ ਹੈ। ਇਹ ਪੁਰਸਕਾਰ ਦੇਸ਼ ਭਰ ’ਚ ‘ਹੌਸਲੇ, ਦਯਾ ਅਤੇ ਸਮਰਪਣ’ ਨਾਲ ਕੰਮ ਕਰਨ ਵਾਲੇ ਐੱਨਐੱਚਐੱਸ ਦੇ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ। ਐੱਨਐੱਚਐੱਸ ਇੰਗਲੈਂਡ ਦੇ ਮੁੱਖ ਕਾਰਜਕਾਰੀ ਸਰ ਸਾਈਮਨ ਸਟੀਵਨਜ਼ ਨੇ ਕਿਹਾ ਕਿ ਇਹ ਸਨਮਾਨ ਮਹਾਮਾਰੀ ਦੇ ਹਨੇਰੇ ਕਾਲ ਦੌਰਾਨ ਮੁਲਾਜ਼ਮਾਂ ਦੇ ਹੁਨਰ ਅਤੇ ਧੀਰਜ ਨਾਲ ਕੀਤੇ ਗਏ ਕੰਮਾਂ ਨੂੰ ਮਾਨਤਾ ਦਿੰਦਾ ਹੈ। ਐਲਿਜ਼ਾਬੈੱਥ (95) ਵੱਲੋਂ ਦਿੱਤੇ ਗਏ ਪੱਤਰ ’ਚ ਕਿਹਾ ਗਿਆ ਹੈ,‘‘ਮੈਨੂੰ ਅਹਿਸਾਨਮੰਦ ਕੌਮ ਵੱਲੋਂ ਯੂਕੇ ਦੀ ਰਾਸ਼ਟਰੀ ਸਿਹਤ ਸੇਵਾਵਾਂ ਨੂੰ ਜੌਰਜ ਕ੍ਰਾਸ ਨਾਲ ਸਨਮਾਨਿਤ ਕਰਨ ਦੀ ਖੁਸ਼ੀ ਹੋ ਰਹੀ ਹੈ।’’ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੇ ਕਾਊਂਸਿਲ ਚੇਅਰਮੈਨ ਡਾਕਟਰ ਚਾਂਦ ਨਾਗਪਾਲ ਨੇ ਕਿਹਾ ਕਿ ਪਿਛਲੇ ਸਾਲ ਪੈਦਾ ਹੋਈ ਚੁਣੌਤੀ ਤੋਂ ਥੱਕ-ਟੁੱਟ ਚੁੱਕੇ ਸਿਹਤ ਕਾਮਿਆਂ ਲਈ ਇਹ ਪੁਰਸਕਾਰ ਵੱਡੀ ਮਾਨਤਾ ਹੋਵੇਗਾ। ਜੌਰਜ ਕ੍ਰਾਸ ਪੁਰਸਕਾਰ ਦੂਜੀ ਆਲਮੀ ਜੰਗ ਦੌਰਾਨ 1940 ’ਚ ਕਿੰਗ ਜੌਰਜ ਛੇਵੇਂ ਨੇ ਸਥਾਪਤ ਕੀਤਾ ਸੀ ਅਤੇ ਇਹ ਮੁਸ਼ਕਲ ਦੀ ਘੜੀ ਦੌਰਾਨ ਹੌਸਲਾ ਜਾਂ ਬਹਾਦਰੀ ਦਿਖਾਉਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ। -ਪੀਟੀਆਈ