ਪਾਲ ਸਿੰਘ ਨੌਲੀ
ਜਲੰਧਰ, 3 ਅਗਸਤ
ਜੰਮੂ-ਕਟੜਾ ਐਕਸਪ੍ਰੈਸ ਵੇਅ ਹੇਠ ਆਉਂਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਸਹੀ ਭਾਅ ਨਾ ਦੇਣ ਵਿਰੁੱਧ ਰੋਡ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਡੀਸੀ ਦਫਤਰ ਦੇ ਬਾਹਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੀਮਤ ਚਾਰ ਗੁਣਾ ਵੱਧ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਉਹ ਕਿਸੇ ਵੀ ਸੂਰਤ ਵਿਚ ਆਪਣੀਆਂ ਜ਼ਮੀਨਾਂ ’ਤੇ ਜੰਮੂ-ਕਟੜਾ ਐਕਸਪ੍ਰੈਸ ਵੇਅ ਬਣਾਉਣ ਲਈ ਕੀਤੇ ਜਾ ਰਹੇ ਕੰਮ ਨਹੀਂ ਹੋਣ ਦੇਣਗੇ। ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਜੰਮੂ-ਕਟੜਾ ਐਕਸਪ੍ਰੈਸ ਵੇਅ ਅੰਬਾਨੀ-ਅਡਾਨੀ ਦੇ ਕਾਰੋਬਾਰ ਨੂੰ ਵਧਾਉਣ ਲਈ ਬਣਾਇਆ ਜਾ ਰਿਹਾ ਹੈ। ਇਹ ਐਕਸਪ੍ਰੈਸ ਵੇਅ 15 ਫੁੱਟ ਉੱਚਾ ਹੋਵੇਗਾ, ਜਿਸ ਨਾਲ ਕਿਸਾਨ ਦੂਜੇ ਪਾਸੇ ਆਉਣ ਵਾਲੀ ਜ਼ਮੀਨ ’ਤੇ ਨਹੀਂ ਜਾ ਸਕਣਗੇ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੋਆਬਾ ਦੇ ਪ੍ਰਧਾਨ ਲਖਵਿੰਦਰ ਸਿੰਘ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ ਤੇ ਹੋਰ ਹਾਜ਼ਰ ਸਨ।