ਨਵੀਂ ਦਿੱਲੀ, 28 ਜੁਲਾਈ
ਦਿੱਲੀ ਹਾਈ ਕੋਰਟ ਨੇ ਇੱਥੋਂ ਦੀ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤਾ ਹੈ ਕਿ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਲਈ ਫਿਲਹਾਲ ਸੂਬਾ ਸਰਕਾਰ ਵੱਲੋਂ ਚਲਾਏ ਜਾਣ ਵਾਲੇ ਲੋਕ ਨਾਇਕ ਜੈ ਪ੍ਰਕਾਸ਼ (ਐੱਲਐੱਨਜੇਪੀ) ਹਸਪਤਾਲ ਵੱਲੋਂ ਦਿੱਤੀ ਗਈ ਜੈਨ ਬਾਰੇ ਰਿਪੋਰਟ ਨਾ ਵਿਚਾਰੀ ਜਾਵੇ।
ਜੈਨ ਖ਼ਿਲਾਫ਼ ਈਡੀ ਵੱਲੋਂ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਹੈ। ਜਸਟਿਸ ਜਸਮੀਤ ਸਿੰਘ ਨੇ ਈਡੀ ਦੀ ਉਸ ਅਪੀਲ ’ਤੇ ਜੈਨ ਤੋਂ ਜਵਾਬ ਮੰਗਿਆ ਹੈ ਜਿਸ ’ਚ ਅਪੀਲ ਕੀਤੀ ਗਈ ਸੀ ਕਿ ਜੈਨ ਦੀ ਮੈਡੀਕਲ ਜਾਂਚ ਐੱਲਐੱਨਜੇਪੀ ਦੀ ਥਾਂ ਏਮਸ, ਆਰਐੱਮਐੱਲ ਜਾਂ ਸਫਦਰਜੰਗ ਹਸਪਤਾਲ ’ਚ ਕਰਵਾਈ ਜਾਵੇ। ਅਦਾਲਤ ਨੇ ਕਿਹਾ, ‘ਨੋਟਿਸ ਜਾਰੀ ਕੀਤਾ ਜਾਵੇ। ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਵਿਸ਼ੇਸ਼ ਜੱਜ ਸੁਣਵਾਈ ਦੀ ਅਗਲੀ ਤਾਰੀਕ ਤੱਕ ਐੱਲਐੱਨਜੇਪੀ ਵੱਲੋਂ ਦਿੱਤੀ ਗਈ ਮੈਡੀਕਲ ਰਿਪੋਰਟ ਦਾ ਨੋਟਿਸ ਨਾ ਲਵੇ।’
ਉਨ੍ਹਾਂ ਕਿਹਾ ਕਿ ਅਦਾਲਤ ਕਿਸੇ ਹੋਰ ਆਧਾਰ ’ਤੇ ਜ਼ਮਾਨਤ ਦੇਣਾ ਚਾਹੁੰਦੀ ਹੈ ਤਾਂ ਇਹ ਉਸ ’ਤੇ ਨਿਰਭਰ ਕਰਦਾ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ। -ਪੀਟੀਆਈ