ਮੇਜਰ ਸਿੰਘ ਮੱਟਰਾਂ
ਭਵਾਨੀਗੜ, 28 ਜੁਲਾਈ
ਇੱਥੋਂ ਨੇੜਲੇ ਪਿੰਡ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਦੀਆਂ ਜ਼ਮੀਨਾਂ ਵਿੱਚੋਂ ਬਣਾਈ ਜਾ ਰਹੀ ਦਿੱਲੀ ਕੱਟੜਾ ਨੈਸ਼ਨਲ ਹਾਈਵੇਅ ਲਈ ਕਿਸਾਨਾਂ ਤੋਂ ਸਸਤੇ ਭਾਅ ਤੇ ਜਬਰੀ ਗ੍ਰਹਿਣ ਕਰਨ ਦੀ ਕਾਰਵਾਈ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਪੀੜਤ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਖਿਲਾਫ ਪਿੰਡ ਖੇੜੀ ਚੰਦਵਾਂ ਦੀ ਹੱਦ ਤੇ 15 ਦਿਨ ਪਹਿਲਾਂ ਸ਼ੁਰੂ ਕੀਤੇ ਦਿਨ ਰਾਤ ਦੇ ਪੱਕੇ ਧਰਨੇ ਵਿੱਚ ਯੂਨੀਅਨ ਦੇ ਸੀਨੀਅਰ ਆਗੂਆਂ ਨੇ ਸਰਕਾਰ ਤੇ ਅਥਾਰਟੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਸਲੇ ਨੂੰ ਫੌਰੀ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਵੇਗੀ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਜਰਨਲ ਸਕੱਤਰ ਜਸਵੀਰ ਸਿੰਘ ਗੱਗੜਪੁਰ, ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਜਗਤਾਰ ਸਿੰਘ ਲੱਡੀ, ਅਮਨਦੀਪ ਸਿੰਘ ਮਹਿਲਾਂ ਚੌਕ ਅਤੇ ਗੁਰਚੇਤ ਸਿੰਘ ਭੱਟੀਵਾਲ ਨੇ ਕਿਹਾ ਕਿ ਦਿੱਲੀ ਕੱਟੜਾ ਸੜਕ ਅਥਾਰਟੀ ਤੇ ਪ੍ਰਸ਼ਾਸਨ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਪਿੰਡਾਂ ਦੀ ਜ਼ਮੀਨ ਪੁਰਾਣੇ ਰੇਟ ’ਤੇ ਹੀ ਗ੍ਰਹਿਣ ਕਰ ਰਹੇ ਹਨ ਅਤੇ ਜ਼ਮੀਨਾਂ ਉਤੇ ਜਬਰੀ ਕਬਜ਼ਾ ਕਰ ਰਹੇ ਹਨ। ਉੁਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਅਥਾਰਟੀ ਵੱਲੋਂ ਇਨ੍ਹਾਂ ਪਿੰਡਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਪ੍ਰਸ਼ਾਸਨ ਕਿਸਾਨਾਂ ਵਿੱਚ ਆਪਸੀ ਫੁੱਟ ਪਾਉਣ ਅਤੇ ਜ਼ਮੀਨ ਵਿੱਚ ਜਬਰੀ ਦਾਖਲ ਹੋਣ ਦੀਆਂ ਸਾਜ਼ਿਸ਼ਾਂ ਕਰ ਰਿਹਾ ਹੈ, ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਲਦੀ ਹੀ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਜ਼ਮੀਨ ਐਕੁਆਇਰ ਕਰਨ ਵਿਰੁੱਧ ਧਰਨਾ ਜਾਰੀ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਨੇੜਲੇ ਪਿੰਡ ਰਾਣਵਾਂ ਵਿੱਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਦੀ ਅਗਵਾਈ ਹੇਠ ਪਿੰਡ ਰਾਣਵਾਂ ਦੇ ਕੁਝ ਕਿਸਾਨਾਂ ਦੀ ਭਾਰਤਮਾਲਾ ਹਾਈਵੇਅ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਦੇ ਸਬੰਧ ਵਿੱਚ ਸ਼ੁਰੂ ਕੀਤੇ ਪੱਕੇ ਮੋਰਚਾ ਤਹਿਤ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਮਾਮਲੇ ਦੇ ਹੱਲ ਲਈ ਐੱਸਡੀਐੱਮ ਮਾਲੇਰਕੋਟਲਾ ਨਾਲ ਜ਼ਿਲ੍ਹਾ ਆਗੂਆਂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਕਿਸਾਨ ਆਗੂ ਕੁਲਵਿੰਦਰ ਸਿੰਘ ਭੂਦਨ, ਕੇਵਲ ਸਿੰਘ ਭੜੀ, ਦਰਸ਼ਨ ਸਿੰਘ ਹਥੋਆ ਨੇ ਕਿਹਾ ਕਿ ਯੂਨੀਅਨ ਵੱਲੋਂ ਮਾਮਲੇ ਦੇ ਹੱਲ ਤੱਕ ਮੋਰਚਾ ਜਾਰੀ ਰਹੇਗਾ। ਅੱਜ ਦੇ ਧਰਨੇ ਨੂੰ ਕਿਸਾਨ ਆਗੂ ਚਰਨਜੀਤ ਸਿੰਘ ਹਥਨ, ਸਤਿਨਾਮ ਸਿੰਘ, ਹਰਿੰਦਰ ਸਿੰਘ ਚੌਂਦਾ, ਸੰਦੀਪ ਸਿੰਘ ਉਪੋਕੀ, ਪਰਮਦੀਪ ਸਿੰਘ ਅਮਰਗੜ੍ਹ,ਦਰਸਨ ਸਿੰਘ ਰਟੋਲਾ, ਜਗਤਾਰ ਸਿੰਘ ਸਰੌਦ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਮਰੀਕ ਸਿੰਘ , ਕਿ੍ਪਾਲ ਸਿੰਘ,ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।