ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਨਵੰਬਰ
ਮੁੱਖ ਅੰਸ਼
- ਕਾਲਜ ਦਾ 100ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ
-
ਪੈੱਕ ਵਿੱਚ ਬਣੇਗਾ 600 ਵਿਦਿਆਰਥੀਆਂ ਦੇ ਰਹਿਣ ਲਈ ਹੋਸਟਲ
ਪੰਜਾਬ ਇੰਜਨੀਅਰਿੰਗ ਕਾਲਜ ਦਾ 100ਵਾਂ ਸਥਾਪਨਾ ਦਿਵਸ ਅੱਜ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੌਮੀ ਖੋਜ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਕਾਲਜ ਵਿਚ ਬਣਨ ਵਾਲੇ ਹੋਸਟਲ ਦਾ ਨੀਂਹ ਪੱਥਰ ਵੀ ਰੱਖਿਆ ਜਿਸ ਵਿਚ 600 ਵਿਦਿਆਰਥੀਆਂ ਦੇ ਰਹਿਣ ਦੀ ਸਹੂਲਤ ਹੋਵੇਗੀ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਇਸ ਮੌਕੇ ਸੁਰੱਖਿਆ ਪੱਖੋਂ ਪੈਕ ਨੂੰ ਪੁਲੀਸ ਛਾਉਣੀ ਦਾ ਰੂਪ ਦਿੱਤਾ ਗਿਆ ਸੀ।
ਕਾਲਜ ਦੇ ਡਾਇਰੈਕਟਰ ਬਲਦੇਵ ਸੇਤੀਆ ਨੇ ਕਾਲਜ ਦੀ ਸਥਾਪਨਾ ਤੋਂ ਹੁਣ ਤਕ ਦੇ ਸਫਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸਾਲ 1953 ਵਿਚ ਇਸੇ ਕਾਲਜ ਵਿਚ ਹੋਇਆ ਸੀ। ਇਸ ਤੋਂ ਬਾਅਦ ਕਾਲਜ ਪਾਕਿਸਤਾਨ ਤੋਂ ਰੁੜਕੀ ਤੇ ਫਿਰ ਚੰਡੀਗੜ੍ਹ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 2003 ਵਿੱਚ ਇਸ ਕਾਲਜ ਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਮਿਲਿਆ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਕਾਲਜ ਵਿੱਚ ਕਲਪਨਾ ਚਾਵਲਾ ਚੇਅਰ ਸਥਾਪਤ ਕੀਤੀ ਗਈ ਹੈ।
ਪੁਰੋਹਿਤ ਦੀ ਥਾਂ ਕੋਵਿੰਦ ਦਾ ਨਾਂ ਲਿਆ: ਬੁਲਾਰੇ ਨੇ ਮੁਆਫ਼ੀ ਮੰਗੀ
ਪੈਕ ਵਿੱਚ ਜਦੋਂ ਸਮਾਗਮ ਸ਼ੁਰੂ ਹੋਣ ਵੀ ਵਾਲਾ ਸੀ ਅਤੇ ਪੰਡਾਲ ਵੀ ਭਰ ਚੁੱਕਾ ਸੀ। ਇਸ ਦੌਰਾਨ ਪੈਕ ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆ ਗਏ ਹਨ ਜਦਕਿ ਉਸ ਵੇਲੇ ਮਾਸਕ ਲਾ ਕੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਹਾਜ਼ਰੀ ਭਰੀ ਸੀ। ਇਸ ਦੌਰਾਨ ਪੰਡਾਲ ਵਿਚ ਸੁੰਨ ਪਸਰ ਗਈ। ਇਸ ਤੋਂ ਬਾਅਦ ਬੁਲਾਰੇ ਨੇ ਆਪਣੇ ਕਹੇ ’ਤੇ ਮੁਆਫ਼ੀ ਮੰਗੀ।
ਗੋਲਡਨ ਬੁਆਏ ਰੁਬਿੰਦਰਜੀਤ ਸਿੰਘ ਬਰਾੜ ਦਾ ਨਹੀਂ ਕੀਤਾ ਜ਼ਿਕਰ: ਸਮਾਗਮ ਮੌਕੇ ਸਾਰੇ ਬੁਲਾਰੇ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਦੀਆਂ ਸਿਫਤਾਂ ਕਰਦੇ ਰਹੇ ਪਰ ਉਨ੍ਹਾਂ ਇਸੇ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਗੋਲਡਨ ਬੁਆਏ ਵਜੋਂ ਮਕਬੂਲ ਰੁਬਿੰਦਰਜੀਤ ਸਿੰਘ ਬਰਾੜ ਦਾ ਜ਼ਿਕਰ ਨਹੀਂ ਕੀਤਾ। ਦੱਸਣਯੋਗ ਹੈ ਕਿ ਸ੍ਰੀ ਬਰਾੜ ਡਾਇਰੈਕਟਰ ਸਕੂਲ ਐਜੂਕੇਸ਼ਨ ਵਜੋਂ ਤਾਇਨਾਤ ਸਨ ਤੇ ਹੁਣ ਉਹ ਸਿਟਕੋ ਵਿਚ ਅਧਿਕਾਰੀ ਵਜੋਂ ਡਿਊਟੀ ਨਿਭਾਅ ਰਹੇ ਹਨ।
ਟੱਕਰ ਕਾਰਨ ਕਾਰ ਨੁਕਸਾਨੀ; ਪੁਲੀਸ ਖ਼ਿਲਾਫ਼ ਹੰਗਾਮਾ: ਪੰਜਾਬ ਇੰਜਨੀਅਰਿੰਗ ਕਾਲਜ ਵਿੱਚ ਸਮਾਗਮ ਦੇ ਸਮਾਪਤ ਹੁੰਦਿਆਂ ਹੀ ਪੈਕ ਦੇ ਗੇਟ ਨੰਬਰ ਇਕ ਤੋਂ ਅੱਗੇ ਜਾ ਕੇ ਜਾਮ ਲੱਗ ਗਿਆ। ਇਸ ਮੌਕੇ ਚੰਡੀਗੜ੍ਹ ਪੁਲੀਸ ਦੀ ਵੱਡੀ ਵੈਨ ਨੇ ਆਈ-20 ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਚਾਲਕ ਨੇ ਪੁਲੀਸ ਖ਼ਿਲਾਫ਼ ਹੰਗਾਮਾ ਕਰ ਦਿੱਤਾ। ਇਸ ਮੌਕੇ ਪੁਲੀਸ ਦੇ ਉੁਚ ਅਧਿਕਾਰੀਆਂ ਨੇ ਕਾਰ ਚਾਲਕ ਨੂੰ ਸ਼ਾਂਤ ਕੀਤਾ ਤਾਂ ਜਾ ਕੇ ਜਾਮ ਦੀ ਸਥਿਤੀ ਤੋਂ ਰਾਹਤ ਮਿਲੀ।