ਰਾਮ ਸਵਰਨ ਲੱਖੇਵਾਲੀ
ਕਾਲਕਾ ਤੋਂ ਸਿ਼ਮਲਾ ਜਾਣ ਵਾਲੀ ਖਿਡੌਣਾ ਰੇਲ ਮੰਜਿ਼ਲ ਵੱਲ ਤੁਰੀ। ਸੋਹਣੇ ਫੁੱਲਾਂ ਨਾਲ ਸਜਾਏ ਡੱਬੇ ਸ਼ਗਨਾਂ ਵਾਲੇ ਘਰ ਵਰਗੇ ਜਾਪ ਰਹੇ ਸਨ। ਪਰਿਵਾਰਾਂ ਸਮੇਤ ਮਸਤੀ ਨਾਲ ਬੈਠੇ ਸੈਲਾਨੀ ਆਨੰਦ ਵਿਚ ਨਜ਼ਰ ਆਏ। ਰੇਲ ਮੋੜਾਂ ਘੋੜਾਂ ਵਿਚ ਧੀਮੀ ਚਾਲ ਚਲਦੀ ਪਹਾੜਾਂ ਨਾਲ ਹੌਲੇ ਹੌਲੇ ਗੱਲਾਂ ਕਰਦੀ ਪ੍ਰਤੀਤ ਹੁੰਦੀ। ਠੰਢੀ ਮਿੱਠੀ ਹਵਾ ਮਨ ਮੋਂਹਦੀ। ਪਹਾੜਾਂ ’ਤੇ ਸਿਰ ਉਠਾਈ ਖੜ੍ਹੇ ਉੱਚੇ ਲੰਮੇ ਰੁੱਖ ਹਰਿਆਵਲ ਦੇ ਦੂਤ ਨਜ਼ਰ ਆ ਰਹੇ ਸਨ। ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਖ਼ੁਸ਼ੀ ਦੀ ਮਹਿਕ ਵਾਲੀਆਂ ਸਨ। ਰੇਲ ਦੇ ਸਿ਼ੰਗਾਰੇ ਡੱਬੇ ਨੂੰ ਨਿਹਾਰਦਾ ਹਾਂ। ਸੋਹਣੇ ਸੁਨੱਖੇ ਕੀਮਤੀ ਵਸਤਰਾਂ ਵਾਲ਼ੇ ਲੋਕ। ਮਨ ਮੋਹਣ ਵਾਲ਼ੇ ਦ੍ਰਿਸ਼ਾਂ ਨੂੰ ਆਪੋ-ਆਪਣੇ ਕੈਮਰਿਆਂ ਵਿਚ ਕੈਦ ਕਰਦੇ। ਗੱਦੇਦਾਰ ਸੀਟਾਂ ਮੂਹਰੇ ਲੱਗੇ ਮੇਜ਼। ਉੱਪਰ ਪਏ ਠੰਢੇ ਤੇ ਖਾਣ ਪੀਣ ਦਾ ਸਮਾਨ। ਚਾਰਜਰ ’ਤੇ ਲੱਗੇ ਫ਼ੋਨ। ਹਰ ਕੋਈ ਆਪਣੇ ਫੋਨ ’ਤੇ ਰੁੱਝਾ ਹੋਇਆ। ਮੁਸਕਾਨ ਤੋਂ ਸੱਖਣੇ ਹੋਂਠ। ਹਾਸੇ ਦਾ ਵਾਸਾ ਨਹੀਂ। ਨਵ ਵਿਆਹੇ ਜੋੜਿਆਂ ਦੀ ਮੌਜੂਦਗੀ ਵਿਚ ਵੀ ਮੈਨੂੰ ਪੂਰਾ ਡੱਬਾ ਰਿਸ਼ਤਿਆਂ ਦੀ ਅਪਣੱਤ ਤੋਂ ਵਿਹੂਣਾ ਨਜ਼ਰ ਆਇਆ।
ਅਗਲੇ ਸਟੇਸ਼ਨ ’ਤੇ ਮੈਂ ਜਨਰਲ ਡੱਬੇ ਵਿਚ ਜਾ ਬੈਠਾ। ਸੈਲਾਨੀਆਂ ਤੇ ਸਥਾਨਕ ਲੋਕਾਂ ਨਾਲ ਭਰਿਆ ਡੱਬਾ। ਮੁਸਾਫਿ਼ਰ ਗੱਲਾਂ ਵਿਚ ਮਸਤ। ਠੰਢੀ ਹਵਾ ਦੇ ਬੁੱਲਿਆਂ ਨਾਲ ਹਾਸੇ ਦੇ ਠਹਾਕੇ ਗੂੰਜਦੇ। ਜਦ ਰੇਲ ਪਹਾੜੀ ਸੁਰੰਗ ਵਿਚੋਂ ਗੁਜ਼ਰਦੀ ਤਾਂ ਬੱਚੇ ਕੂਕਦੇ। ਇਸ ਡੱਬੇ ਵਿਚ ਮੇਰਾ ਮਨ ਲੱਗ ਗਿਆ। ਸਾਰੇ ਆਪਣੇ ਨਜ਼ਰ ਆਏ। ਖਿਡੌਣਾ ਰੇਲ ਵਿਚ ਸਫ਼ਰ ਕਰਨ ਦਾ ਆਨੰਦ ਸਰੂਰ ਦੇਣ ਲੱਗਾ। ਕੋਈ ਸਟੇਸ਼ਨ ਆਉਂਦਾ, ਖਾਣ ਪੀਣ ਵਾਲੀਆਂ ਵਸਤਾਂ ਖਰੀਦਦੇ। ਆਪਸ ਵਿਚ ਵੰਡ ਕੇ ਖਾਂਦੇ। ਇੱਕ ਦੂਸਰੇ ਨਾਲ ਜਾਣ ਪਛਾਣ ਕਰਦੇ। ਅਪਣੱਤ ਦੇ ਅੰਗ ਸੰਗ ਸਫ਼ਰ ਨੂੰ ਸੁਖਾਵਾਂ ਬਣਾਉਂਦੇ। ਸਥਾਨਕ ਲੋਕ ਆਪਣੇ ਸਟੇਸ਼ਨ ’ਤੇ ਉਤਰਦੇ ਮੋਹ ਭਿੱਜੀ ਸਲਾਮ ਕਹਿੰਦੇ।
ਇਸ ਸੁਖਾਵੇਂ ਸਫ਼ਰ ਨੇ ਮਨ ਦੇ ਕੋਨੇ ਵਿਚ ਸਾਂਭੀ ਯਾਦ ਦੇ ਪੰਨੇ ਪਲਟਾਏ। ਅਧਿਆਪਨ ਦਾ ਕੋਰਸ ਕਰਦਿਆਂ ਇਸੇ ਰੇਲ ਵਿਚ ਤਾਰਾ ਦੇਵੀ ਤੱਕ ਸਫ਼ਰ ਕੀਤਾ ਸੀ। ਵਿਦਿਆਰਥੀ ਅਧਿਆਪਕ ਨੌਜਵਾਨ ਮੁੰਡੇ ਕੁੜੀਆਂ ਨੇ ਖਿਡੌਣਾ ਰੇਲ ਵਿਚ ਵਿਆਹ ਵਰਗਾ ਮਾਹੌਲ ਸਿਰਜ ਦਿੱਤਾ। ਹਾਸਾ ਠੱਠਾ, ਗੀਤਾਂ ਬੋਲੀਆਂ ਨੇ ਸਾਰੇ ਮੁਸਾਫਿ਼ਰਾਂ ਦਾ ਮਨ ਮੋਹ ਲਿਆ। ਸਾਰਿਆਂ ਨੇ ਨਾਲ ਲਿਆਂਦੇ ਪਰੌਂਠੇ ਤੇ ਪਿੰਨੀਆਂ ਵੰਡ ਕੇ ਖਾਧੇ। ਅਜਿਹੇ ਮਾਹੌਲ ਵਿਚ ਗਦ ਗਦ ਹੋਇਆ ਨਾਲ ਬੈਠਾ ਸਿ਼ਮਲੇ ਜਾ ਰਿਹਾ ਪ੍ਰੋਫੈਸਰ ਕਹਿਣ ਲੱਗਾ, “ਜੁਆਨੋ, ਤੁਹਾਡੀ ਜਿ਼ੰਦਾ ਦਿਲੀ ਤੇ ਰਲ ਬਹਿਣ ਦੀ ਭਾਵਨਾ ਨੂੰ ਸਲਾਮ!” ਸਾਡੇ ਗਰੁੱਪ ਲੀਡਰ ਦਾ ਜੁਆਬ ਸੀ, “ਇਹ ਤਾਂ ਪੰਜ ਦਰਿਆਵਾਂ ਦੀ ਦਾਤ ਹੈ। ਸਾਡੀਆਂ ਮਾਵਾਂ ਤੇ ਵਿਰਸੇ ਦੀ ਸਿੱਖਿਆ ਹੈ।” ਪ੍ਰੋਫੈਸਰ ਦੇ ਚਿਹਰੇ ਦਾ ਜਲੌਅ ਤੇ ਖੁਸ਼ੀ ਸਾਡੇ ਉਸ ਸਫ਼ਰ ਦਾ ਹਾਸਲ ਸੀ।
ਸਿ਼ਮਲੇ ਦਾ ਰੇਲਵੇ ਸਟੇਸ਼ਨ ਦੇਖਦਿਆਂ ਹੋਰ ਮੁਸਾਫਿ਼ਰਾਂ ਵਾਂਗ ਆਪਣਾ ਸਮਾਨ ਸਾਂਭ ਰੈਣ ਬਸੇਰੇ ਵੱਲ ਰੁਖ਼ ਕੀਤਾ। ਰਸਤੇ ਵਿਚ ਗੈਸਟ ਹਾਊਸ ਦੇ ਮਾਲਕ ਨੇ ਫੋਨ ’ਤੇ ਰਾਹ ਵਿਚ ਰੋਕ ਲਿਆ। ਆਪਣੀ ਗੱਡੀ ’ਤੇ ਬਿਠਾ ਰੈਣ ਬਸੇਰੇ ਲੈ ਆਇਆ। ਉਹ ਮੇਰੇ ਸਿ਼ਮਲਾ ਦੀ ਰਿਜ ਵਾਲੇ ਪੌਸ਼ ਇਲਾਕੇ ਦੀ ਬਜਾਇ ਇਧਰ ਸ਼ਾਂਤ ਪਿੰਡ ਵਿਚ ਬਸੇਰਾ ਕਰਨ ਤੋਂ ਹੈਰਾਨ ਸੀ। ਮੇਰਾ ਇਹ ਜੁਆਬ ਉਸ ਦੇ ਮਨ ਲੱਗਾ, “ਜਿਹੜਾ ਆਨੰਦ ਕੁਦਰਤ ਦੀ ਗੋਦ ਤੇ ਸ਼ਾਂਤ ਮਾਹੌਲ ਵਿਚ ਹੈ, ਉਹ ਕਿਧਰੇ ਨਹੀਂ।” ਉਸ ਦਾ ਸੁਭਾਅ ਤੇ ਵਿਹਾਰ ਤਨ ਮਨ ਠਾਰਦੀ ਪਹਾੜਾਂ ਤੋਂ ਆਉਂਦੀ ਹਵਾ ਵਰਗਾ ਸੀ। ਅਗਲੇ ਦਿਨ ਸਵੇਰੇ ਮਾਂ ਨੂੰ ਮੰਦਰ ਲਿਜਾਂਦਾ ਉਹ ਮੈਨੂੰ ਵੀ ਨਾਲ ਲੈ ਗਿਆ। ਮੈਨੂੰ ਸ਼ਾਂਤ ਸਾਫ਼, ਮਨਭਾਉਂਦੇ ਪਹਾੜਾਂ ਦੇ ਪੈਰਾਂ ਵਿਚ ਵਸੇ ਪਿੰਡ ਉਤਾਰ ਗਿਆ; ਕਹਿੰਦਾ, “ਇਹ ਤੁਹਾਡੇ ਲਈ ਸੁਪਨਿਆਂ, ਸੋਚਾਂ ਸੰਗ ਵਿਚਰਨ ਦੀ ਥਾਂ ਹੈ।”
ਪਹਾੜ ਉਪਰੋਂ ਆਉਂਦਾ ਨਿਰਮਲ ਨੀਰ। ਵਹਿੰਦਾ ਛਲ ਛਲ ਕਰਦਾ, ਮਨ ਦਾ ਸਕੂਨ ਬਣਦਾ। ਉਸ ਵਿਚ ਪਏ ਚਿੱਟੇ ਪੱਥਰ ਮਾਂ ਦੇ ਕੱਚੇ ਦੁੱਧ ਨਾਲ ਨਹਾਏ ਬਾਲ ਵਰਗੇ ਜਾਪ ਰਹੇ ਸਨ। ਸਿ਼ਮਲਾ ਯੂਨਿਵਰਸਿਟੀ ਦਾ ਖੇਤਰ ਹੋਣ ਕਰਕੇ ਅਨੇਕਾਂ ਵਿਦਿਆਰਥੀ ਇਸ ਸੁਖਾਵੇਂ ਵਾਤਾਵਰਨ ਵਿਚ ਪੜ੍ਹਾਈ ਵਿਚ ਰੁੱਝੇ ਨਜ਼ਰ ਆਏ। ਕੁਦਰਤ ਦੀ ਗੋਦ ਵਿਚ ਗਿਆਨ ਸੰਸਾਰ ਦੀ ਥਾਹ ਪਾਉਂਦੇ ਵਿਦਿਆਰਥੀ। ਪੁਸਤਕਾਂ ਨਾਲ ਕੀਤੀ ਜਾ ਰਹੀ ਗੋਸ਼ਟ ਵਿਚੋਂ ਸਫਲਤਾ ਦਾ ਰਾਹ ਤਲਾਸ਼ਦੇ ਜਾਪੇ। ਉਤਰਾਖੰਡ ਤੋਂ ਆਏ ਸਕਾਲਰ ਦੇ ਚੰਦ ਸ਼ਬਦ ਖ਼ੁਸ਼ੀ ਦੀ ਫੁਹਾਰ ਬਣ ਗਏ, “ਮੇਰੇ ਪਾਪਾ ਅਪਨੀ ਡਿਊਟੀ ਕੇ ਸਿਲਸਿਲੇ ਮੇਂ ਅਨੇਕੋਂ ਬਾਰ ਪੰਜਾਬ ਆਏ ਹੈਂ। ਉਨਕਾ ਤਜਰਬਾ ਔਰ ਆਪ ਲੋਗੋਂ ਕਾ ਪਿਆਰ ਜੀਨੇ ਕੀ ਚਾਹ ਕੋ ਪ੍ਰਬਲ ਕਰਤੇ ਹੈਂ।” ਉੱਥੇ ਗੁਜ਼ਰੇ ਕਈ ਘੰਟੇ ਰਿਸ਼ਤਿਆਂ ਦੀ ਛਾਂ ਵਰਗੇ ਪ੍ਰਤੀਤ ਹੋਏ।
ਆਪਣੇ ਕਮਰੇ ’ਚ ਪਰਤ ਕੇ ਉਨ੍ਹਾਂ ਖੂਬਸੂਰਤ ਪਲਾਂ ਨੂੰ ਨਿਹਾਰਦਾ ਰਿਹਾ। ਇਹ ਸਫ਼ਰ ਹਰ ਥਾਂ ਪ੍ਰੇਰਨਾ ਤੇ ਸਬਕ ਸਾਂਭੀ ਬੈਠਾ ਹੈ। ਰੈਣ ਬਸੇਰਾ ਮਾਲਕ ਦੇ ਸਨੇਹ ਵਾਲੇ ਬੋਲ “ਫਿਰ ਵੀ ਆਉਂਦੇ ਜਾਂਦੇ ਰਹਿਣਾ” ਹੁਲਾਰਾ ਦੇ ਗਏ। ਵਾਪਸੀ ’ਤੇ ਮਨ ਦੇ ਅੰਬਰ ਅਤੇ ਵਕਤ ਤੋਂ ਪਹਿਲਾਂ ਜੀਵਨ ਪੰਧ ’ਚੋਂ ਵਿਛੜੇ ਭਰਾ ਦੇ ਬੋਲ ਸੁਣਾਈ ਦਿੱਤੇ: “ਆਪਾਂ ਜੀਵਨ ਸਫ਼ਰ ਦੇ ਮੁਸਾਫਿ਼ਰ ਆਂ। ਇਸ ਮੁਸਾਫਿ਼ਰੀ ਤੇ ਲੋਭ ਲਾਲਚ, ਸੁਆਰਥ, ਗਰਜ ਦਾ ਪਰਛਾਵਾਂ ਨਾ ਪੈਣ ਦੇਣਾ। ਸਫ਼ਰ ਵਿਚ ਹੋਰਾਂ ਦੇ ਕੰਮ ਆਉਣਾ ਤੇ ਚੇਤਨਾ ਦੀ ਲੋਅ ਬਣ ਜਗਣਾ ਜੀਣਾ ਸਾਰਥਕ ਕਰਦਾ ਹੈ। ਅਜਿਹੇ ਮੁਸਾਫਿ਼ਰ ਮੰਜ਼ਿਲ ’ਤੇ ਮਾਣ ਦਾ ਦੂਹਰਾ ਸਨਮਾਨ ਹਾਸਲ ਕਰਦੇ ਹਨ।” ਰਾਹ ਦਰਸਾਵਾ ਬਣਦੇ ਬੋਲਾਂ ਨੂੰ ਚਿਤਵਦਾ ਸੁਖਦ ਅਹਿਸਾਸ ਨਾਲ ਘਰ ਪਰਤਦਾ ਹਾਂ।
ਸੰਪਰਕ: 95010-06626