ਨਿੱਜੀ ਪੱਤਰ ਪ੍ਰੇਰਕ
ਮੋਗਾ, 28 ਅਪਰੈਲ
ਸੂਬੇ ’ਚ ਨਵੰਬਰ 2017 ਤੋਂ ਜ਼ਮੀਨ ਖਰੀਦ ਫ਼ਰੋਖਤ ਦੀਆਂ ਰਜਿਸਟਰੀਆਂ ਦਾ ਕੰਮ ਨੈਸ਼ਨਲ ਜੈਨਰਿਕ ਡਾਕੂਮੈਂਟਸ ਰਜਿਸਟਰੇਸ਼ਨ ਪੋਰਟਲ ਆਨ ਲਾਈਨ ਸਿਸਟਮ (ਐਨਜੀਡੀਆਰਐੱਸ) ਪ੍ਰਾਜੈਕਟ ਸੂਬਾ ਭਰ ਵਿੱਚ ਆਮ ਲੋਕਾਂ ਲਈ ਸਿਰਦਰਦੀ ਤੇ ਪ੍ਰੇਸ਼ਾਨੀ ਬਣ ਗਿਆ ਹੈ। ਪੋਰਟਲ ਸਾਈਟ ਪੂਰਾ ਦਿਨ ਵੇਲੇ ਬੰਦ ਰਹਿਣ ਕਾਰਨ ਲੋਕਾਂ ਨੂੰ ਆਨ-ਲਾਈਨ ਅਗਾਊਂ ਸਮਾਂ ਨਾ ਮਿਲਣ ਕਾਰਨ ਰਜਿਸਟਰੀਆਂ ਕਰਾਉਣ ਲਈ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਥੇ ਤਹਿਸੀਲ ਦਫ਼ਤਰ ਵਿਖੇ ਕੰਮ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਆਪਣੇ ਦਸਤਾਵੇਜ਼ ਤਿਆਰ ਕਰਵਾ ਲਏ ਹਨ ਪਰ ਪੋਰਟਲ ਸਾਈਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਨਲਾਈਨ ਸਮਾਂ ਨਹੀਂ ਮਿਲਿਆ। ਮਾਲ ਅਧਿਕਾਰੀਆਂ ਮੁਤਾਬਕ ਪੋਰਟਲ ਸਾਈਟ ਬੰਦ ਰਹਿਣ ਦਾ ਕਾਰਨ ਸਰਵਰ ਦਾ ਓਵਰਲੋਡ ਹੋਣਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ ਉਹ ਪਤਾ ਕਰਵਾਉਣਗੇ। ਪਹਿਲਾਂ ਤਾਂ ਇਹ ਕੰਮ ਕਾਮਯਾਬੀ ਨਾਲ ਚੱਲਿਆ ਪਰ ਹੁਣ ਲੋਕਾਂ ਦੀ ਖੱਜਲ ਖ਼ੁਆਰੀ ਦਾ ਪ੍ਰਾਜੈਕਟ ਬਣ ਗਿਆ ਹੈ।ਇਸ ਸਿਸਟਮ ਤਹਿਤ ਜਾਇਦਾਦਾ ਖਰੀਦਣ ਵਾਲੇ ਦਾ ਖੁਦ ਹਾਜ਼ਰ ਹੋਣਾ ਲਾਜ਼ਮੀ ਹੈ। ਇਸ ਕਾਰਨ ਪਰਵਾਸੀ ਪੰਜਾਬੀ ਨੂੰ ਮੁਸ਼ਕਲਾਂ ਆ ਰਹੀਆਂ ਹਨ। ਜ਼ਮੀਨ ਖਰੀਦਦਾਰ ਨੂੰ ਨਿੱਜੀ ਤੌਰ ਉੱਤੇ ਜਾਂ ਉਸ ਦੀ ਪਾਵਰ ਆਫ਼ ਅਟਾਰਨੀ ਹੋਣੀ ਲਾਜ਼ਮੀ ਹੈ। ਇਸ ਸਾਫ਼ਟਵੇਅਰ ਦਾ ਮੰਤਵ ਇਹ ਸੀ ਕਿ ਸਬੰਧਤ ਧਿਰਾਂ ਸਬ ਰਜਿਸਟਰਾਰ ਕੋਲ ਉਪਲਬਧ ਸਮੇਂ ਦੀ ਜਾਣਕਾਰੀ ਮੁਹੱਈਆ ਕਰਵਾਉਣਗੀਆਂ ਅਤੇ ਉਪਲਬਧ ਸਲਾਟ ਵਿੱਚੋਂ ਖ਼ਰੀਦਦਾਰ ਅਤੇ ਵਿਕ੍ਰੇਤਾ ਆਪਣੀ ਸਹੂਲਤ ਅਨੁਸਾਰ ਸਮਾਂ ਚੁਣ ਸਕਦੇ ਹਨ ਅਤੇ ਫਿਰ ਦਿੱਤੇ ਗਏ ਸਮੇਂ ’ਤੇ ਉਹ ਸਬੰਧਤ ਤਹਿਸੀਲ ਦਫ਼ਤਰ ਵਿੱਚ ਜਾ ਆਪਣੀ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਵਾ ਸਕਣਗੇ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਖ਼ਤਮ ਹੋਣ ਉਪਰੰਤ ਸਬੰਧਤ ਵਿਅਕਤੀ ਨੂੰ ਇਕ ਮੋਬਾਈਲ ਸੁਨੇਹਾ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਧੋਖਾਧੜੀ ਦੀ ਕੋਈ ਗੁੰਜਾਇਸ਼ ਨਾ ਰਹੇ, ਪਰ ਹੁਣ ਸੰਦੇਸ਼ ਆਉਣਾ ਵੀ ਬੰਦ ਹੋ ਗਿਆ ਹੈ।