ਪੱਤਰ ਪ੍ਰੇਰਕ
ਮਾਨਸਾ/ਜੋਗਾ, 28 ਜੁਲਾਈ
ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਵਿੱਚ ਡਿੱਪੂ ਹੋਲਡਰ ਵੱਲੋਂ ਨੀਲੇ ਕਾਰਡ ’ਤੇ ਮਿਲਣ ਵਾਲੀ ਕਣਕ ਘੱਟ ਦੇਣ ਅਤੇ ਧਮਕਾਉਣ ਤੋਂ ਪ੍ਰੇਸ਼ਾਨ ਇੱਕ ਖਪਤਕਾਰ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਖਪਤਕਾਰ ਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜੋਗਾ ਪੁਲੀਸ ਨੇ ਇਸ ’ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਵੰਡਣ ਲਈ ਕਣਕ ਭੇਜੀ ਗਈ, ਜਿਸ ਤਹਿਤ ਪਿੰਡ ਅਕਲੀਆ ਦੇ ਡਿਪੂ ਹੋਲਡਰ ਬਲਜੀਤ ਸਿੰਘ ਨੇ ਇਸ ਦੀ ਵੰਡ ਕੀਤੀ, ਪਰ ਇੱਕ ਖਪਤਕਾਰ ਧਰਮ ਸਿੰਘ ਨੇ ਇਸ ਸਬੰਧੀ ਡਿਪੂ ਹੋਲਡਰ ਵੱਲੋਂ ਕਣਕ ਘੱਟ ਦੇਣ ’ਤੇ ਡਿਪੂ ਹੋਲਡਰ ਸਮੇਤ ਫੂਡ ਸਪਲਾਈ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਿਸ ਤੋਂ ਬਾਅਦ ਵਿਭਾਗ ਵੱਲੋਂ ਇਕ ਇੰਸਪੈਕਟਰ ਦੀ ਪੜਤਾਲ ਕਰਨ ਲਈ ਡਿਊਟੀ ਲਗਾਈ ਗਈ।
ਧਰਮ ਸਿੰਘ ਨੇ ਦੱਸਿਆ ਕਿ ਨਿਰਪੱਖ ਪੜਤਾਲ ਕਰਨ ਦੀ ਬਜਾਏ ਇੰਸਪੈਕਟਰ ਨੇ ਡਿਪੂ ਹੋਲਡਰ ਦਾ ਪੱਖ ਪੂਰਿਆ। ਉਨ੍ਹਾਂ ਦੋਸ਼ ਲਾਇਆ ਕਿ ਜੋਗਾ ਥਾਣੇ ਦੀ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ।
ਉਧਰ ਡਿੱਪੂ ਹੋਲਡਰ ਬਲਜੀਤ ਸਿੰਘ ਨੇ ਕਿਹਾ ਕਿ ਕਣਕ ਦਾ ਜਿੰਨਾ ਸਟਾਕ ਉਨ੍ਹਾਂ ਨੂੰ ਸਰਕਾਰ ਵੱਲੋਂ ਆਇਆ ਸੀ, ਉਸ ਦੀ ਖਪਤਕਾਰਾਂ ਨੂੰ ਕਾਰਡਾਂ ਮੁਤਾਬਕ ਵੰਡ ਕਰ ਦਿੱਤੀ ਹੈ ਅਤੇ ਉਨ੍ਹਾਂ ਕੋਲ ਹੋਰ ਕੋਈ ਸਟਾਕ ਬਾਕੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਖਪਤਕਾਰ ਵੱਲੋਂ ਲਾਏ ਦੋਸ਼ ਬੇਬੁਨਿਆਦ ਹਨ। ਉਧਰ ਥਾਣਾ ਜੋਗਾ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੀੜਤ ਦੇ ਬਿਆਨ ਲੈ ਲਏ ਗਏ ਹਨ ਅਤੇ ਪੁਲੀਸ ਵੱਲੋਂ ਪੜਤਾਲ ਕਰਕੇ ਇਸ ’ਤੇ ਕਾਰਵਾਈ ਕੀਤੀ ਜਾਵੇਗੀ। ਖਪਤਕਾਰ ਧਰਮ ਸਿੰਘ ਇਸ ਵੇਲੇ ਨਿੱਜੀ ਹਸਪਤਾਲ ਵਿੱਚ ਦਾਖਲ ਹੈ।
ਉਨ੍ਹਾਂ ਦੇ ਨਾਲ ਕੇਵਲ ਸਿੰਘ ਅਕਲੀਆ, ਗੋਬਿੰਦ ਸਿੰਘ, ਭੋਲਾ ਸਿੰਘ, ਜਸਵੀਰ ਸਿੰਘ, ਰਾਜੂ ਸਿੰਘ, ਬੇਅੰਤ ਸਿੰਘ, ਬੱਗਾ ਸਿੰਘ ਅਤੇ ਅਕਬਰ ਖਾਨ ਨੇ ਵੀ ਇਸ ਮਾਮਲੇ ’ਤੇ ਕਾਰਵਾਈ ਦੀ ਮੰਗ ਕੀਤੀ ਹੈ।