ਪੱਤਰ ਪ੍ਰੇਰਕ
ਅੰਮ੍ਰਿਤਸਰ, 28 ਜੁਲਾਈ
ਸ਼ਹਿਰ ਵਿੱਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਮਾਰਸ਼ਲਾਂ ਦੀ ਭਰਤੀ ਕੀਤੀ ਜਾਵੇਗੀ। ਏਡੀਸੀਪੀ (ਟਰੈਫਿਕ) ਅਮਨਦੀਪ ਕੌਰ ਨੇ ਦੱਸਿਆ ਕਿ ਸੇਵਾਮੁਕਤ ਫੌਜੀ, ਪੁਲੀਸ ਅਫਸਰ, ਬੈਂਕ ਕਰਮਚਾਰੀ, ਟੀਚਰ ਆਦਿ ਨੂੰ ਟਰੈਫਿਕ ਮਾਰਸ਼ਲ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਮੀਦਵਾਰ ਸਵੈਇੱਛਾ ਅਨੁਸਾਰ ਆਪਣੇ ਬਿਨੈ ਪੱਤਰ ਤੁਰੰਤ ਵਧੀਕ ਡਿਪਟੀ ਕਮਿਸ਼ਨਰ ਪੁਲੀਸ ਟਰੈਫਿਕ, ਅੰਮ੍ਰਿਤਸਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਟਰੈਫਿਕ ਮਾਰਸ਼ਲ ਸੜਕੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋਕਾਂ ਨੂੰ ਨਿਯਮਾਂ ਬਾਰੇ ਜਾਗਰੂਕ ਕਰਨਗੇ ਤੇ ਟਰੈਫਿਕ ਮੁਲਾਜ਼ਮਾਂ ਨਾਲ ਮਿਲ ਕੇ ਵਾਹਨਾਂ ਦੀ ਚੈਕਿੰਗ ਕਰਨਗੇ। ਉਨ੍ਹਾਂ ਕਿਹਾ ਕਿ ਇਹ ਟਰੈਫਿਕ ਮਾਰਸ਼ਲ ਸਵੈ-ਇਛੁੱਕ (ਵਾਲੰਟੀਅਰ) ਸ਼ਹਿਰੀ ਹੀ ਭਰਤੀ ਕੀਤੇ ਜਾਣਗੇ ਅਤੇ ਇਨ੍ਹਾਂ ਦੀਆਂ ਸੇਵਾਵਾਂ ਕਿਸੇ ਵੀ ਸਮੇਂ ਬਿਨਾਂ ਕਾਰਨ ਦੱਸੇ ਸਮਾਪਤ ਕੀਤੀਆਂ ਜਾ ਸਕਦੀਆਂ ਹਨ।