ਕੋਲਕਾਤਾ, 5 ਜੁਲਾਈ
ਵਧਦੀਆਂ ਤੇਲ ਕੀਮਤਾਂ ’ਤੇ ਚਿੰਤਾ ਜਤਾਉਂਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਵਸੂਲੇ ਜਾਂਦੇ ਟੈਕਸਾਂ ਨੂੰ ਘੱਟ ਕਰਨ ਤਾਂ ਜੋ ਦੇਸ਼ ’ਚ ਵੱਧ ਰਹੀ ਮਹਿੰਗਾਈ ’ਤੇ ਰੋਕ ਲਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਮਈ ਤੋਂ ਅੱਠ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਜਾ ਚੁੱਕਿਆ ਹੈ ਜਿਸ ਦੀ ਸਭ ਤੋਂ ਜ਼ਿਆਦਾ ਮਾਰ ਆਮ ਆਦਮੀ ’ਤੇ ਪਈ ਹੈ। ਚਿੱਠੀ ’ਚ ਉਨ੍ਹਾਂ ਲਿਖਿਆ ਹੈ ਕਿ ਕਈ ਸੂਬਿਆਂ ’ਚ ਪੈਟਰੋਲ ਦੇ ਭਾਅ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਗਏ ਹਨ ਅਤੇ ਬੇਨਤੀ ਹੈ ਕਿ ਕੇਂਦਰ ਆਪਣੇ ਟੈਕਸਾਂ ’ਚ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਦੇਵੇ। ਉਧਰ ਟੀਐੱਮਸੀ ਨੇ 10 ਅਤੇ 11 ਜੁਲਾਈ ਨੂੰ ਈਂਧਣ ਦੀਆਂ ਕੀਮਤਾਂ ’ਚ ਵਾਧੇ ਖ਼ਿਲਾਫ਼ ਪੱਛਮੀ ਬੰਗਾਲ ’ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਆਗੂ ਪਾਰਥਾ ਚੈਟਰਜੀ ਨੇ ਦੱਸਿਆ ਕਿ ਟੀਐੱਮਸੀ ਵਰਕਰ ਸਾਰੇ ਜ਼ਿਲ੍ਹਿਆਂ ’ਚ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਧਰਨਿਆਂ ’ਤੇ ਬੈਠਣਗੇ। -ਪੀਟੀਆਈ