ਹਰਜੀਤ ਸਿੰਘ
ਜ਼ੀਰਕਪੁਰ, 28 ਜੁਲਾਈ
ਇਥੋਂ ਦੇ ਪਿੰਡ ਦੌਲਤ ਸਿੰਘ ਵਾਲਾ ਭਬਾਤ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਸਿਟੀ ਐਨਕਲੇਵ ਵਿੱਚ ਲੰਘੇ ਕਈਂ ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝਲਣੀ ਪੈ ਰਹੀ ਹੈ। ਸੀਵਰੇਜ ਜਾਮ ਹੋਣ ਕਾਰਨ ਸੜਕਾਂ ’ਤੇ ਦੂਸ਼ਿਤ ਪਾਣੀ ਵਗ ਰਿਹਾ ਹੈ ਜਿਸ ਦੀ ਬਦਬੂ ਕਾਰਨ ਸਾਹ ਲੈਣਾ ਔਖਾ ਹੋਇਆ ਪਿਆ ਹੈ।
ਦੁਕਾਨਦਾਰ ਗੁਰਪ੍ਰੀਤ ਸਿੰਘ, ਹਰਭਜਨ ਸਿੰਘ, ਵਿਸ਼ਾਲ ਕੁਮਾਰ, ਲਾਲ ਬਹਾਦਰ, ਗੇਮ ਸਿੰਘ, ਹਿਮਾਲਿਅਨ ਸਿੰਘ, ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਕਲੋਨੀ ਵਿੱਚ ਲੰਘੇ 20 ਦਿਨਾਂ ਤੋਂ ਸੀਵਰੇਜ ਲਾਈਨ ਜਾਮ ਪਈ ਹੈ ਤੇ ਦੂਸ਼ਿਤ ਪਾਣੀ ਗਲੀਆਂ ਵਿੱਚ ਵਗ ਰਿਹਾ ਹੈ। ਲੰਘੇ ਦਿਨਾਂ ਤੋਂ ਦੁਕਾਨਾਂ ਦੇ ਅੱਗੇ ਵੀ ਸੀਵਰੇਜ ਦਾ ਪਾਣੀ ਭਰ ਗਿਆ ਹੈ ਤੇ ਗਾਹਕ ਨਹੀਂ ਆ ਰਹੇ। ਦੂਸ਼ਿਤ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣ ਗਿਆ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਇਹ ਕਲੋਨੀ ਵਸੀ ਸੀ ਤਾਂ ਉਸ ਵੇਲੇ ਇਥੇ ਕਾਫੀ ਘੱਟ ਵਸੋਂ ਸੀ ਤੇ ਛੋਟੀ ਸੀਵਰੇਜ ਲਾਈਨ ਵਿਛਾਈ ਗਈ ਸੀ। ਹੁਣ ਇਥੇ ਵਸੋਂ ਵਧ ਗਈ ਹੈ ਤੇ ਛੋਟੀ ਸੀਵਰੇਜ ਲਾਈਨ ਲੋਡ ਨਹੀਂ ਲੈ ਰਹੀ ਹੈ। ਇਸ ਸਬੰਧੀ ਉਹ ਕਈਂ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਮੱਸਿਆ ਹੱਲ ਕਰਨ ਲਈ ਕਹਿ ਚੁੱਕੇ ਹਨ ਪਰ ਠੋਸ ਹੱਲ ਨਹੀਂ ਹੋਇਆ। ਉਨ੍ਹਾਂ ਨੇ ਨਗਰ ਕੋਂਸਲ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਹੋਰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਏ।
ਕੌਂਸਲ ਪ੍ਰਧਾਨ ਵੱਲੋਂ ਸਮੱਸਿਆ ਹੱਲ ਕਰਨ ਦਾ ਭਰੋਸਾ
ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਛੇਤੀ ਹੀ ਸੀਵਰੇਜ ਜਾਮ ਹੋਣ ਦੀ ਸਮੱਸਿਆ ਹੱਲ ਕਰਵਾ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਸਿਟਂ ਐਨਕਲੇਵ ਦੇ ਵਸਨੀਕਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।