ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਅਪਰੈਲ
ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੜਕੀ ਪ੍ਰਾਜੈਕਟਾਂ ਦੇ ਬਹਾਨੇ ਕਿਸਾਨਾਂ ਦੀਆਂ ਬਹੁ ਕੀਮਤੀ ਜ਼ਮੀਨਾਂ ਹਥਿਆਏ ਜਾਣ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਸਾਹਮਣੇ ਦਿੱਤੇ ਜਾ ਰਹੇ ਧਰਨੇ ਦੌਰਾਨ 30 ਅਪਰੈਲ ਨੂੰ ਪਟਿਆਲਾ ਵਿਖੇ ਕੀਤੀ ਜਾਣ ਵਾਲੀ ਟਰੈਕਟਰ ਰੈਲੀ ਲਈ ਕਿਸਾਨਾਂ ਵੱਲੋਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਸੜਕੀ ਪ੍ਰਾਜੈਕਟਾਂ ਲਈ ਜ਼ਮੀਨ ਐਕੁਆਇਰ ਕਰਨ ਵਿਰੁੱਧ ਬਣੀ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਕੀਤੀ ਜਾ ਰਹੀ ਰੈਲੀ ਲਈ ਦਿੱਲੀ ਕੱਟੜਾ ਅੰਮ੍ਰਿਤਸਰ ਐਕਸਪ੍ਰੈੱਸਵੇਅ ਸੰਘਰਸ਼ ਕਮੇਟੀ ਵੱਲੋਂ ਬਲਾਕ ਪਾਤੜਾਂ ਵਿਚੋਂ ਰੈਲੀ ਲਈ ਟਰੈਕਟਰ ਟਰਾਲੀਆਂ ਰਵਾਨਾ ਕੀਤੀਆਂ ਗਈਆਂ। ਹਲਕਾ ਸ਼ੁਤਰਾਣਾ ਤੋਂ ਟਰੈਕਟਰ ਟਰਾਲੀਆਂ ਰਵਾਨਾ ਕਰਨ ਉਪਰੰਤ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਲਾਲੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਨੇੜੇ ਲਗਾਇਆ ਗਿਆ ਧਰਨਾ ਛੱਤੀ ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਿਆ ਹੈ। ਪੰਜਾਬ ਭਰ ਵਿਚੋਂ ਆਏ ਸੈਂਕੜੇ ਕਿਸਾਨ ਲਗਾਤਾਰ ਸੜਕ ਦੇ ਕਿਨਾਰੇ ਬੈਠੇ ਹਨ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਹੁਣ ਤੱਕ ਕਿਸਾਨਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ ਵੱਖ ਸੜਕੀ ਪ੍ਰਾਜੈਕਟਾਂ ਦੀ ਮਾਰ ਹੇਠ ਆ ਰਹੇ ਕਿਸਾਨਾਂ ਵੱਲੋਂ ਦਿੱਲੀ ਦੀ ਤਰਜ਼ ਉੱਤੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਅਤੇ ਕਿਸਾਨ ਪੰਜਾਬ ਸਰਕਾਰ ਤੋਂ ਮੰਗਾਂ ਮੰਨਵਾਏ ਬਿਨਾਂ ਪਟਿਆਲੇ ਤੋਂ ਵਾਪਸ ਨਹੀਂ ਮੁੜਨਗੇ। ਇਸ ਸਮੇਂ ਸਤਨਾਮ ਸਿੰਘ ਬਰਾਸ ਸਰਪੰਚ, ਨਿਰੰਕਾਰ ਸਿੰਘ ਆਦਿ ਹਾਜ਼ਰ ਸਨ।