ਸਤਵਿੰਦਰ ਬਸਰਾ
ਲੁਧਿਆਣਾ, 1 ਫਰਵਰੀ
ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਅੱਜ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਦੂਸਰੀ ਜਮਾਤ ਦੀ ਪੜ੍ਹਾਈ ਸ਼ੁਰੂ ਹੋ ਗਈ। ਅੱਜ ਪਹਿਲੇ ਦਿਨ ਸਾਰੇ ਹੀ ਸਕੂਲਾਂ ਵਿੱਚ ਇਨ੍ਹਾਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣ ਕਾਰਨ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣੀ ਮੁਸ਼ਕਲ ਲੱਗ ਰਹੀ ਸੀ। ਦੂਜੇ ਪਾਸੇ ਡੀਟੀਐੱਫ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਕਰੋਨਾ ਮਹਾਮਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦੀ ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤਾਂ ਦੀ ਪੜ੍ਹਾਈ ਪਹਿਲਾਂ ਦੀ ਤਰ੍ਹਾਂ ਆਨਲਾਈਨ ਹੀ ਕਰਵਾਉਣੀ ਚਾਹੀਦੀ ਹੈ। ਜਿ਼ਕਰਯੋਗ ਹੈ ਕਿ ਕੋਵਿਡ-19 ਕਰਕੇ ਪਿਛਲੇ ਕਈ ਮਹੀਨਿਆਂ ਤੋਂ ਪ੍ਰੀ-ਪ੍ਰਾਇਮਰੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਸੀ। ਪਰ ਕੁਝ ਦਿਨ ਪਹਿਲਾਂ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ 1 ਫਰਵਰੀ ਤੋਂ ਇਨਾਂ ਜਮਾਤਾਂ ਦੀ ਪੜ੍ਹਾਈ ਸਕੂਲਾਂ ਵਿੱਚ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸਨ। ਜਾਣਕਾਰੀ ਮੁਤਾਬਿਕ ਸਕੂਲਾਂ ਵਿੱਚ ਵੱਡੀਆਂ ਜਮਾਤਾਂ ਦੇ ਮੁਕਾਬਲੇ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਦੀ ਗਿਣਤੀ 60 ਤੋਂ 90 ਫੀਸਦ ਤੱਕ ਦੇਖੀ ਗਈ।
ਸਰਕਾਰੀ ਸਕੂਲਾਂ ਦੇ ਕਈ ਅਧਿਆਪਕਾਂ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਆਮਦ ਨੂੰ ਦੇਖਦਿਆਂ ਸਕੂਲ ’ਚ ਸੈਨੇਟਾਈਜ਼ਰ ਅਤੇ ਸਾਬਣ ਦਾ ਖਾਸ ਪ੍ਰਬੰਧ ਕੀਤਾ ਗਿਆ। ਭਾਵੇਂ ਹਦਾਇਤਾਂ ਅਨੁਸਾਰ ਹਰ ਵਿਦਿਆਰਥੀਆਂ ਦੇ ਮਾਸਕ ਲੱਗਾ ਹੋਣਾ ਚਾਹੀਦਾ ਸੀ ਪਰ ਕਈ ਸਕੂਲਾਂ ਵਿੱਚ ਤਾਂ ਅਧਿਆਪਕਾਂ ਨੇ ਆਪਣੇ ਪੱਲਿਓਂ ਕਈ ਵਿਦਿਆਰਥੀਆਂ ਨੂੰ ਮਾਸਕ ਲੈ ਕੇ ਦੇਣੇ ਪਏ। ਇਹ ਵੀ ਦੇਖਣ ਵਿੱਚ ਆਇਆ ਕਿ ਸ਼ਹਿਰਾਂ ਦੇ ਨਾਲ ਲੱਗਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣ ਕਰਕੇ ਵਿਦਿਆਰਥੀ ਤੋਂ ਵਿਦਿਆਰਥੀ ਦਾ ਫਾਸਲਾ 6 ਮੀਟਰ ਰੱਖਣਾ ਸੰਭਵ ਨਹੀਂ ਹੋ ਸਕਿਆ। ਦੂਜੇ ਪਾਸੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਨੁਮਾਇੰਦੇ ਰਮਨਜੀਤ ਸੰਧੂ ਨੇ ਕਿਹਾ ਕਿ ਸਰਕਾਰ ਨੂੰ ਅੱਜ ਸ਼ੁਰੂ ਕੀਤੀਆਂ ਜਮਾਤਾਂ ਦੀ ਸਕੂਲਾਂ ਵਿੱਚ ਪੜ੍ਹਾਈ ਕੁਝ ਮਹੀਨੇ ਹੋਰ ਅੱਗੇ ਪਾਈ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਇਹ ਬੱਚੇ ਛੋਟੇ ਹੋਣ ਕਰਕੇ ਕੋਵਿਡ-19 ਦੀਆਂ ਹਦਾਇਤਾਂ ਨੂੰ ਨਾ ਤਾਂ ਚੰਗੀ ਤਰ੍ਹਾਂ ਸਮਝ ਸਕਦੇ ਹਨ ਅਤੇ ਨਾ ਹੀ ਇਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਸਕਦੇ ਹਨ।