ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਨਵੰਬਰ
ਦਿੱਲੀ ਪੁਲੀਸ ਨੇ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਤੋਂ ਵੱਖ-ਵੱਖ ਮਾਮਲਿਆਂ ਵਿੱਚ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ ਤੇ 57 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੀ ਘਟਨਾ ’ਚ ਪੁਲੀਸ ਨੇ ਰੋਹਿਣੀ ਇਲਾਕੇ ਵਿੱਚ 46 ਔਰਤਾਂ ਤੇ ਸੱਤ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਪੂਤ ਕਲਾਂ ਵਿਖੇ ਚੱਲ ਰਹੇ ਫਰਜ਼ੀ ਕਾਲ ਸੈਂਟਰ ਸਬੰਧੀ ਸੂਚਨਾ ਮਿਲੀ ਸੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਅਹਾਤੇ ’ਤੇ ਛਾਪੇਮਾਰੀ ਕੀਤੀ ਤੇ 26 ਔਰਤਾਂ ਤੇ ਦੋ ਪੁਰਸ਼ਾਂ ਨੂੰ ਗ੍ਰਿਫਤਾਰ ਕੀਤਾ ਜੋ ਲੋਕਾਂ ਨੂੰ ਸਸਤੇ ਰੇਟਾਂ ’ਤੇ ਮੋਬਾਈਲ ਫੋਨ ਦੇਣ ਦੇ ਬਹਾਨੇ ਧੋਖਾਧੜੀ ਕਰਨ ਲਈ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਸਨ।
ਮੁਲਜ਼ਮ ਲੋਕਾਂ ਨੂੰ ਸਿਰਫ਼ 4,500 ਰੁਪਏ ਦੇ ਕੰਬੋ ਪੈਕ ਵਿੱਚ ਮੋਬਾਈਲ ਤੇ ਹੋਰ ਚੀਜ਼ਾਂ ਦੀ ਮੁਨਾਫ਼ੇ ਵਾਲੀ ਸਕੀਮ ਦਿੰਦੇ ਸਨ। ਪੁਲੀਸ ਡਿਪਟੀ ਕਮਿਸ਼ਨਰ (ਰੋਹਿਣੀ) ਪ੍ਰਣਵ ਤਾਇਲ ਨੇ ਦੱਸਿਆ ਕਿ ਉਨ੍ਹਾਂ ਨੇ ਇੰਟਰਨੈੱਟ ਦੀ ਮਦਦ ਨਾਲ ਦੂਜੇ ਰਾਜਾਂ ਦੀ ਮੋਬਾਈਲ ਸੀਰੀਜ਼ ਇਕੱਠੀ ਕੀਤੀ ਤੇ ਦੇਸ਼ ਭਰ ਦੇ ਕਈ ਲੋਕਾਂ ਨੂੰ ਕਾਲ ਕੀਤੀ। ਮੰਗੇਰਾਮ ਪਾਰਕ ਵਿੱਚ ਇੱਕ ਹੋਰ ਛਾਪਾ ਮਾਰਿਆ ਗਿਆ ਤੇ ਦੋ ਮਾਲਕਾਂ ਸਮੇਤ 20 ਔਰਤਾਂ ਤੇ ਸੱਤ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਵੱਖ-ਵੱਖ ਰਾਜਾਂ ਦੇ ਕਈ ਲੋਕਾਂ ਨੂੰ ਠੱਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਘਟਨਾ ਵਿੱਚ ਪੁਲੀਸ ਨੇ ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਖੇਤਰ ਵਿੱਚ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ, ਜੋ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਨੌਕਰੀਆਂ ਦੀ ਪੇਸ਼ਕਸ਼ ਦੇ ਬਹਾਨੇ ਲੋਕਾਂ ਨੂੰ ਠੱਗ ਰਿਹਾ ਸੀ ਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪ੍ਰਵੀਨ ਗਰਗ (29) ਵਾਸੀ ਜਹਾਂਗੀਰ ਪੁਰੀ, ਸੁਨੀਲ ਚੌਹਾਨ (30) ਅਤੇ ਵਿਕਾਸ (22) ਵਾਸੀ ਬੁਰਾੜੀ ਤੇ ਵਿਪਨ (30) ਵਾਸੀ ਕਿਰਾੜੀ ਵਜੋਂ ਹੋਈ ਹੈ।