ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 21 ਅਕਤੂਬਰ
ਮੁਹਾਲੀ ਪੁਲੀਸ ਨੇ ਨਸ਼ਾ ਤਸਕਰ ਅਤੇ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਥੋਂ ਦੇ ਫੇਜ਼-9 ਸਨਅਤੀ ਏਰੀਆ ਸਥਿਤ ਰੇਲਵੇ ਸਟੇਸ਼ਨ ਸੜਕ ਟੀ-ਪੁਆਇੰਟ ਨੇੜਿਓਂ ਪੁਲੀਸ ਨੇ ਸਾਗਰ ਵਾਸੀ ਯੂਪੀ ਨੂੰ 200 ਗਰਾਮ ਗਾਂਜਾ ਅਤੇ ਹੋਰ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜੋ ਇਸ ਸਮੇਂ ਸੈਕਟਰ-52 ਚੰਡੀਗੜ੍ਹ ਵਿੱਚ ਰਹਿ ਰਿਹਾ ਸੀ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਜ਼ਿਲ੍ਹਾ ਪੁਲੀਸ ਹੈੱਡਕੁਆਟਰ ’ਤੇ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਖੰਜਰ, ਹੈਂਡ ਮੈਟਲ ਕਟਰ, ਚਾਰ ਮੋਬਾਈਲ ਫੋਨ, ਇਕ ਮੋਟਰਸਾਈਕਲ ਅਤੇ 13 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਗਰ ਦੀ ਮੁੱਢਲੀ ਪੁੱਛ-ਪੜਤਾਲ ਤੋਂ ਬਾਅਦ ਉਸ ਦੇ ਸਾਥੀ ਕਿਸ਼ਨ ਸਿੰਘ ਵਾਸੀ ਰਾਮ ਦਰਬਾਰ (ਯੂਟੀ) ਨੂੰ ਕਾਬੂ ਕਰ ਕੇ ਉਸ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫਸ ਵਿੱਚ ਲਿਜਾ ਕੇ ਕੀਤੀ ਗਈ ਪੁੱਛਗਿੱਛ ਦੇ ਆਧਾਰ ’ਤੇ ਇਸ ਗਰੋਹ ਦੇ ਦੋ ਹੋਰ ਮੈਂਬਰਾਂ ਰਾਹੁਲ ਕੁਮਾਰ ਵਾਸੀ ਲਾਲੜੂ ਅਤੇ ਸੁਖਮਨ ਸਿੰਘ ਉਰਫ਼ ਰਾਜਨ ਵਾਸੀ ਲਾਲੜੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਚੋਰੀ ਦੀਆਂ ਦੋ ਜ਼ੈੱਨ ਕਾਰਾਂ ਅਤੇ ਇਕ ਆਲਟੋ ਕਾਰ, 2 ਬੁੱਲੇਟ ਮੋਟਰਸਾਈਕਲ ਅਤੇ ਇਕ ਸਪਲੈਂਡਰ, ਇਕ ਲੈਪਟਾਪ, 2 ਐਲਸੀਡੀ ਅਤੇ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸਾਰਿਆਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ।