ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 17 ਅਕਤੂਬਰ
ਖੇਡ ਉਦਯੋਗ ਸੰਘ ਅਤੇ ਸੰਘਰਸ਼ ਸਮਿਤੀ ਪੰਜਾਬ ਦੇ ਕਨਵੀਨਰ ਰਵਿੰਦਰ ਧੀਰ ਦੀ ਅਗਵਾਈ ਹੇਠ ਦਿੜ੍ਹਬਾ ਵਿਚ ਆਪਣੀਆਂ ਮੰਗਾਂ ਅਤੇ ਉਦਯੋਗ ਸਬੰਧੀ ਸੁਝਾਵਾਂ ਬਾਰੇ ਇੱਕ ਵਫ਼ਦ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੂੰ ਮਿਲਿਆ। ਰਵਿੰਦਰ ਧੀਰ ਨੇ ਖੇਡ ਉਦਯੋਗ ਲਈ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਜਾਣੂ ਕਰਵਾਇਆ ਅਤੇ ਪਿਛਲੇ ਕਈ ਸਾਲਾਂ ਦੇ ਬਕਾਇਆ ਟੈਕਸ ਬਾਰੇ ਦੀ ਗੱਲਬਾਤ ਕੀਤੀ ਗਈ। ਪੰਜਾਬ ਸਟੇਟ ਵਿਕਾਸ ਟੈਕਸ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਲੈਣ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਸਨਅਤ ਉੱਪਰ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਨਾਲ ਹਰ ਤਰ੍ਹਾਂ ਦਾ ਉਦਯੋਗਪਤੀਆਂ ਤੋਂ ਸੁਝਾਅ ਵੀ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਖਾਸ ਕਰ ਕੇ ਜਲੰਧਰ ਸ਼ਹਿਰ ਵਿੱਚ ਤਿਆਰ ਕਰ ਕੇ ਵਿਸ਼ਵ ਭਰ ਵਿੱਚ ਖੇਡਾਂ ਸਾਮਾਨ ਭੇਜਿਆ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਦੇ ਵੀ ਖੇਡ ਉਦਯੋਗ ਨੂੰ ਬੇਧਿਆਨਾ ਨਹੀਂ ਕਰ ਸਕਦੀ ਹੈ। ਇਸ ਕਰ ਕੇ ਉਹ ਖੇਡ ਉਦਯੋਗ ਦੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਗ਼ੌਰ ਨਾਲ ਵਿਚਾਰ ਕਰਨਗੇ ਅਤੇ ਜਲਦੀ ਹੀ ਉਨ੍ਹਾਂ ਹੱਲ ਕਰਨ ਲਈ ਪਹਿਲ ਦੇਣਗੇ। ਇਸ ਮੌਕੇ ਵਿਪਨ ਪਰਿੰਜਾ, ਨਵੀਨ ਪੁਰੀ, ਪਰਦੀਪ ਬੌਬੀ ਅਤੇ ਧਰਮਪਾਲ ਗਰਗ ਹਾਜ਼ਰ ਸਨ।