ਪੱਤਰ ਪ੍ਰੇਰਕ
ਚੰਡੀਗੜ੍ਹ, 29 ਮਈ
ਸਟੇਟ ਬੈਂਕ ਆਫ਼ ਇੰਡੀਆ ਦੀ ਐੱਸਸੀ/ਐੱਸ.ਟੀ. ਐਂਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਚੰਡੀਗੜ੍ਹ ਸਰਕਲ ਵੱਲੋਂ ਪਿੰਡ ਖੁੱਡਾ ਲਾਹੌਰਾ ਦੇ ਨਜ਼ਦੀਕ ਪ੍ਰਨਾਮੀ ਗਰਾਊਂਡ ਵਿੱਚ ਕਰਵਾਇਆ ਗਿਆ ਅੰਤਰ ਸਰਕਲ ਕ੍ਰਿਕਟ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ। ਐਸੋਸੀਏਸ਼ਨ ਦੇ ਚੰਡੀਗੜ੍ਹ ਸਰਕਲ ਦੇ ਪ੍ਰਧਾਨ ਸੁਦਾਗਰ ਸਿੰਘ ਅਤੇ ਜਨਰਲ ਸਕੱਤਰ ਪ੍ਰਮੋਦ ਇੰਦਲ ਨੇ ਦੱਸਿਆ ਕਿ ਆਰਗੇਨਾਈਜ਼ਿੰਗ ਸੈਕਟਰੀ ਬ੍ਰਿਜ ਲਾਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਦੋ ਰੋਜ਼ਾ ਅੰਤਰ ਸਰਕਲ ਟੂਰਨਾਮੈਂਟ ਦੀ ਸ਼ੁਰੂਆਤ ਐੱਸ.ਬੀ.ਆਈ. ਦੇ ਚੰਡੀਗੜ੍ਹ ਸਰਕਲ ਦੇ ਚੀਫ਼ ਜਨਰਲ ਮੈਨੇਜਰ ਅਨੁਕੂਲ ਭਟਨਾਗਰ ਵੱਲੋਂ ਗੁਬਾਰੇ ਛੱਡ ਕੇ ਕੀਤੀ ਗਈ। ਟੂਰਨਾਮੈਂਟ ਵਿੱਚ ਦਿੱਲੀ, ਚੰਡੀਗੜ੍ਹ ਅਤੇ ਭੋਪਾਲ ਸਰਕਲਾਂ ਤੋਂ ਬੈਂਕ ਕਰਮਚਾਰੀਆਂ ਦੀਆਂ ਟੀਮਾਂ ਪੂਰੇ ਉਤਸ਼ਾਹ ਨਾਲ ਖੇਡੀਆਂ। ਟੂਰਨਾਮੈਂਟ ਵਿੱਚ ਤਿੰਨੋਂ ਸਰਕਲਾਂ ਦੀਆਂ ਟੀਮਾਂ ਵਿੱਚੋਂ ਚੰਡੀਗੜ੍ਹ ਸਰਕਲ ਦੀ ਟੀਮ ਕੈਪਟਨ ਵਿਜੈ ਕੁਮਾਰ ਦੀ ਯੋਗ ਅਗਵਾਈ ਹੇਠ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਕੇ ਜੇਤੂ ਰਹੀ। ਅੱਜ ਦੂਜੇ ਦਿਨ ਸਮਾਪਤੀ ਸਮਾਗਮ ਮੌਕੇ ਨੈਸ਼ਨਲ ਐੱਸ.ਸੀ./ਐਸ.ਟੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ।
ਢੇਲਪੁਰ ਕ੍ਰਿਕਟ ਕੱਪ ’ਤੇ ਮੁਬਾਰਕਪੁਰ ਦੀ ਟੀਮ ਦਾ ਕਬਜ਼ਾ
ਐੱਸ.ਏ.ਐੱਸ.ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਢੇਲਪੁਰ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ 11ਵੇਂ ਨਾਈਟ ਕ੍ਰਿਕਟ ਕੱਪ ਉੱਤੇ ਪਿੰਡ ਮੁਬਾਰਕਪੁਰ ਦੀ ਟੀਮ ਨੇ ਮੇਜ਼ਬਾਨ ਢੇਲਪੁਰ ਦੀ ਟੀਮ ਨੂੰ ਹਰਾ ਕੇ ਕਬਜ਼ਾ ਕੀਤਾ। ਜੇਤੂ ਟੀਮ ਨੂੰ 21 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 11 ਹਜ਼ਾਰ ਤੇ ਤੀਜੇ ਸਥਾਨ ’ਤੇ ਰਹੀ ਪਿੰਡ ਭਗੜਾਣਾ ਦੀ ਟੀਮ ਨੂੰ 51 ਸੌ ਦਾ ਨਕਦ ਇਨਾਮ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਕੈਨੇਡਾ, ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ, ਵਰਿੰਦਰ ਸਿੰਘ ਭੱਟੀ, ਸੋਨੀ, ਪਵਨਪ੍ਰੀਤ ਸਿੰਘ, ਗੁਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਕਰਵਾਈ ਬਜ਼ੁਰਗਾਂ ਦੀ ਦੌੜ ਵਿੱਚ ਨੈਬ ਸਿੰਘ ਪਲਸੌਰਾ ਨੇ ਪਹਿਲਾ, ਸੁਰਿੰਦਰ ਸਿੰਘ ਪਲਸੌਰਾ ਨੇ ਦੂਜਾ ਅਤੇ ਬਿਸ਼ਨ ਸਿੰਘ ਢੇਲਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਟਰਾਲੀ ਬੈਕ ਕਰਨ ’ਚ ਸ਼ਿੰਦਰ ਸਲੇਮਪੁਰ, ਦਵਿੰਦਰ ਸਿੰਘ ਅਤੇ ਪ੍ਰੀਤ ਢੇਲਪੁਰ ਕ੍ਰਮਵਾਰ ਸਥਾਨਾਂ ’ਤੇ ਰਹੇ।
ਰੁੜਕੀ ਟੂਰਨਾਮੈਂਟ ਵਿੱਚ ਸਮਸ਼ਪੁਰ ਦੀ ਟੀਮ ਜੇਤੂ
ਅਮਲੋਹ (ਪੱਤਰ ਪ੍ਰੇਰਕ): ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪਿੰਡ ਉੱਚੀ ਰੁੜਕੀ ਵਿੱਚ ਭਾਈ ਸੰਗਤ ਸਿੰਘ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਦੂਜੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਡਾਂ ਨਾਲ ਜੁੜ ਕੇ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਟੂਰਨਾਮੈਂਟ ਦੌਰਾਨ 25 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਸਮਸ਼ਪੁਰ ਦੀ ਟੀਮ ਨੇ ਪਹਿਲਾ ਅਤੇ ਹਿੰਮਤਗੜ੍ਹ ਛੰਨਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।