ਕਰੀਮਗੰਜ/ਗੁਹਾਟੀ, 2 ਅਪਰੈਲ
ਮੁੱਖ ਅੰਸ਼
- ਚੋਣ ਕਮਿਸ਼ਨ ਵੱਲੋਂ ਚਾਰ ਅਧਿਕਾਰੀ ਮੁਅੱਤਲ
- ਵਿਰੋਧੀ ਧਿਰ ਨੇ ਕਿਹਾ, ਭਾਜਪਾ ਈਵੀਐੱਮਜ਼ ਚੋਰੀ ਕਰਕੇ ਚੋਣ ਜਿੱਤਣ ਦੀ ਕੋਸ਼ਿਸ਼ ’ਚ
ਅਸਾਮ ਦੇ ਕਰੀਮਗੰਜ ਜ਼ਿਲ੍ਹੇ ’ਚ ਵੀਰਵਾਰ ਰਾਤ ਉਸ ਸਮੇਂ ਹਿੰਸਾ ਭੜਕ ਗਈ ਜਦੋਂ ਭਾਜਪਾ ਉਮੀਦਵਾਰ ਦੇ ਵਾਹਨ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਮਿਲੀ। ਪੁਲੀਸ ਨੂੰ ਹਾਲਾਤ ਕਾਬੂ ਹੇਠ ਕਰਨ ਲਈ ਹਵਾ ’ਚ ਗੋਲੀਆਂ ਚਲਾਉਣੀਆਂ ਪਈਆਂ। ਇਸ ਘਟਨਾ ਮਗਰੋਂ ਅੱਜ ਸਵੇਰੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਵਿਰੋਧੀ ਧਿਰ ਕਾਂਗਰਸ ਅਤੇ ਏਆਈਯੂਡੀਐੱਫ ਨੇ ਦੋਸ਼ ਲਾਇਆ ਕਿ ਈਵੀਐੱਮਜ਼ ‘ਚੋਰੀ’ ਕੀਤੀਆਂ ਜਾ ਰਹੀਆਂ ਹਨ। ਉਧਰ ਸੋਸ਼ਲ ਮੀਡੀਆ ’ਤੇ ਘਟਨਾ ਦਾ ਵੀਡੀਓ ਵਾਇਰਲ ਹੋਣ ਮਗਰੋਂ ਚੋਣ ਕਮਿਸ਼ਨ ਨੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਬੂਥ ’ਤੇ ਮੁੜ ਤੋਂ ਚੋਣ ਕਰਵਾਏ ਜਾਣ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਰਤਾਬਾੜੀ ਹਲਕੇ ’ਚ 149-ਇੰਦਰਾ ਐੱਮ ਵੀ ਸਕੂਲ ਦੀ ਪੋਲਿੰਗ ਪਾਰਟੀ ਦਾ ਵਾਹਨ ਕਰੀਮਗੰਜ ਕਸਬੇ ਦੇ ਸਟਰਾਂਗ ਰੂਮ ਤੱਕ ਪਹੁੰਚਣ ਤੋਂ ਉਸ ਨੂੰ ਘੇਰ ਲਿਆ। ਭੀੜ, ਜਿਸ ’ਚ ਜ਼ਿਆਦਾਤਰ ਏਆਈਯੂਡੀਐੱਫ ਅਤੇ ਕਾਂਗਰਸ ਦੇ ਹਮਾਇਤੀ ਸਨ, ਨੇ ਦਾਅਵਾ ਕੀਤਾ ਕਿ ਈਵੀਐੱਮਜ਼ ਨਾਲ ਛੇੜਖਾਨੀ ਦੇ ਇਰਾਦੇ ਨਾਲ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਦੇ ਵਾਹਨ ’ਚ ਲਿਆਂਦਾ ਜਾ ਰਿਹਾ ਸੀ। ਭੀੜ ਨੇ ਵਾਹਨ ਦੀ ਭੰਨ-ਤੋੜ ਦੇ ਨਾਲ ਨਾਲ ਅਧਿਕਾਰੀਆਂ ਨਾਲ ਖਿੱਚ-ਧੂਹ ਕੀਤੀ ਜਿਸ ਮਗਰੋਂ ਪੋਲਿੰਗ ਪਾਰਟੀ ਈਵੀਐੱਮਜ਼ ਮੌਕੇ ’ਤੇ ਹੀ ਛੱਡ ਕੇ ਭੱਜ ਗਈ।
ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐੱਸਪੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੋਕ ਨਾ ਮੰਨੇ ਤਾਂ ਪੁਲੀਸ ਨੇ ਹਵਾ ’ਚ ਗੋਲੀਆਂ ਦਾਗ਼ੀਆਂ। ਇਸ ਮਗਰੋਂ ਈਵੀਐੱਮਜ਼ ਨੂੰ ਪਥਾਰਕਾਂਡੀ ਪੁਲੀਸ ਸਟੇਸ਼ਨ ’ਚ ਲਿਆ ਕੇ ਉਥੋਂ ਕਰੀਮਗੰਜ ਦੇ ਸਟਰਾਂਗ ਰੂਮ ’ਚ ਪਹੁੰਚਾਇਆ ਗਿਆ। ਭਾਜਪਾ ਉਮੀਦਵਾਰ ਪੌਲ ਨੇ ਈਵੀਐੱਮ ਨਾਲ ਛੇੜਖਾਨੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਉਸ ਦੇ ਭਰਾ ਨੇ ਚੋਣ ਕਮਿਸ਼ਨ ਦਾ ਵਾਹਨ ਖ਼ਰਾਬ ਦੇਖ ਕੇ ਪੋਲਿੰਗ ਅਧਿਕਾਰੀਆਂ ਨੂੰ ਆਪਣੀ ਗੱਡੀ ’ਚ ਸਿਰਫ਼ ਲਿਫਟ ਦਿੱਤੀ ਸੀ।
ਵਿਰੋਧੀ ਧਿਰ ਨੇ ਈਵੀਐੱਮਜ਼ ਦੇ ਮੁਲਾਂਕਣ ’ਤੇ ਦਿੱਤਾ ਜ਼ੋਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ’ਤੇ ਹਮਲਾ ਕਰਦਿਆਂ ਟਵੀਟ ਕੀਤਾ,‘‘ਚੋਣ ਕਮਿਸ਼ਨ ਦੀ ਕਾਰ ਰਾਹ ’ਚ ਖ਼ਰਾਬ ਹੋਈ। ਭਾਜਪਾ ਦੇ ਇਰਾਦੇ ਮਾੜੇ ਹਨ ਅਤੇ ਲੋਕਤੰਤਰ ਦੀ ਹਾਲਤ ਖ਼ਰਾਬ ਹੈ।’’ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਾਰੀਆਂ ਕੌਮੀ ਪਾਰਟੀਆਂ ਵੱਲੋਂ ਈਵੀਐੱਮਜ਼ ਦੀ ਵਰਤੋਂ ਦੇ ਮੁਲਾਂਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਚੋਣਾਂ ’ਚ ਭਾਜਪਾ ਆਪਣੇ ਵਾਹਨਾਂ ’ਚ ਈਵੀਐੱਮ ਲੱਦਦੇ ਹੋਏ ਫੜੀ ਜਾਂਦੀ ਹੈ। ਕਾਂਗਰਸ ਦੇ ਭਾਈਵਾਲ ਬਦਰੂਦੀਨ ਅਜਮਲ ਨੇ ਕਿਹਾ ਕਿ ਇਸ ਘਟਨਾ ਤੋਂ ਸਪੱਸ਼ਟ ਹੈ ਕਿ ਭਾਜਪਾ ਚੋਣਾਂ ਹਾਰ ਰਹੀ ਹੈ ਅਤੇ ਉਹ ਈਵੀਐੱਮਜ਼ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। -ਪੀਟੀਆਈ
ਈਵੀਐੱਮ ਖੋਹਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ’ਤੇ ਪੁਲੀਸ ਵੱਲੋਂ ਫਾਇਰਿੰਗ, 2 ਜ਼ਖ਼ਮੀ
ਕਲਾਈਗਾਉਂ: ਅਸਾਮ ਦੇ ਉਦਾਲਗੁੜੀ ਜ਼ਿਲ੍ਹੇ ਦੇ ਕਲਾਈਗਾਉਂ ਸਥਿਤ ਸਕੂਲ ’ਚ ਭੀੜ ਵੱਲੋਂ ਈਵੀਐੱਮ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਨੇ ਭੀੜ ’ਤੇ ਰਬੜ ਦੀਆਂ ਗੋਲੀਆਂ ਦਾਗ਼ੀਆਂ ਜਿਸ ’ਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਚੋਣਾਂ ਨੇਪਰੇ ਚੜ੍ਹਨ ਮਗਰੋਂ ਏਜੰਟਾਂ ’ਚ ਤਕਰਾਰ ਕਾਰਨ ਉਨ੍ਹਾਂ ਦੇ ਦਸਤਖ਼ਤ ਨਹੀਂ ਲਏ ਜਾ ਸਕੇ ਸਨ। ਅੱਜ ਸਵੇਰੇ 500 ਤੋਂ ਜ਼ਿਆਦਾ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਈਵੀਐੱਮ ਖੋਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਯੂਪੀਪੀਐੱਲ ਦੇ ਮੈਂਬਰ ਈਵੀਐੱਮ ’ਚ ਛੇੜਖਾਨੀ ਕਰ ਰਹੇ ਸਨ। ਜਦੋਂ ਭੀੜ ਸ਼ਾਂਤ ਨਾ ਹੋਈ ਤਾਂ ਪੁਲੀਸ ਨੇ ਉਸ ਨੂੰ ਖਿੰਡਾਉਣ ਲਈ ਰਬੜ ਦੀਆਂ ਗੋਲੀਆਂ ਚਲਾਈਆਂ। -ਪੀਟੀਆਈ