ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 4 ਅਗਸਤ
ਰਾਜ ਸੂਚਨਾ ਕਮਿਸ਼ਨਰ ਚੰਡੀਗੜ੍ਹ ਵਲੋਂ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਕਾਰਜ ਸਾਧਕ ਅਫਸਰ ਨੂੰ ਆਰ.ਟੀ.ਆਈ ਦੇ ਇੱਕ ਕੇਸ ਵਿੱਚ ਜੁਆਬ ਨਾ ਦੇਣ ’ਤੇ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਦੇ ਵਲੋਂ ਇੱਕ ਆਰ.ਟੀ.ਆਈ ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ, ਇੰਸ਼ੋਰੈਂਸ ਅਤੇ ਕੈਟਾਗਰੀਆਂ ਆਦਿ ਦੀ ਜਾਣਕਾਰੀ ਲੈਣ ਸਬੰਧੀ ਪਾਈ ਗਈ ਸੀ। ਇਹ ਆਰ.ਟੀ.ਆਈ ਪੱਤਰ 12 ਅਪਰੈਲ 2019 ਨੂੰ ਪਾਈ ਸੀ, ਜਿਸ ਤੋਂ ਬਾਅਦ ਐੱਸ.ਡੀ.ਐੱਮ ਬਟਾਲਾ ਵਲੋਂ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਨੂੰ ਇਸ ਦੀ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਗਿਆ। ਨਗਰ ਕੌਂਸਲ ਵਲੋਂ ਇਸ ਦੀ ਜਾਣਕਾਰੀ ਸਹੀ ਢੰਗ ਨਾਲ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਸੁਖਚੈਨ ਸਿੰਘ ਵਲੋਂ ਰਾਜ ਸੂਚਨਾ ਕਮਿਸ਼ਨਰ ਦੇ ਦਫ਼ਤਰ ਵਿਖੇ ਅਪੀਲ ਪਾਈ ਗਈ।ਮਾਮਲੇ ਦੀ ਸੁਣਵਾਈ ਦੌਰਾਨ ਨਗਰ ਕੌਂਸਲ ਵੱਲੋਂ ਸੁਖਚੈਨ ਸਿੰਘ ਨੂੰ ਮੰਗੀ ਗਈ ਸੂਚਨਾ ਅਨੁਸਾਰ ਠੋਸ ਜੁਆਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਕਮਿਸ਼ਨਰ ਵਲੋਂ 10 ਹਜ਼ਾਰ ਰੁਪਏ ਦਾ ਜੁਰਮਾਨਾ ਕਾਰਜ ਸਾਧਕ ਅਫ਼ਸਰ ਫਤਿਹਗੜ੍ਹ ਚੂੜੀਆਂ ਨੂੰ ਲਗਾਇਆ ਗਿਆ ਅਤੇ ਹੁਕਮ ਕੀਤੇ ਗਏ ਕਿ ਇਹ ਜੁਰਮਾਨਾ ਕਾਰਜ ਸਾਧਕ ਅਫ਼ਸਰ ਵੱਲੋਂ ਆਪਣੀ ਤਨਖ਼ਾਹ ਵਿਚੋਂ ਦਿੱਤਾ ਜਾਵੇਗਾ। ਇਸ ਸੰਬੰਧੀ ਕਾਰਜ-ਸਾਧਕ ਅਫਸਰ ਭੁਪਿੰਦਰ ਸਿੰਘ ਨੇ ਕੋਈ ਵੀ ਜੁਆਬ ਨਾ ਦਿੰਦਿਆਂ ਕਿਹਾ ਕਿ ਉਸ ਦੀ ਬਦਲੀ ਹੋ ਚੁੱਕੀ ਹੈ।