ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੁਲਾਈ
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ 14 ਅਗਸਤ ਤੋਂ ਗ਼ਰੀਬੀ ਤੋਂ ਆਜ਼ਾਦੀ, ਭੁੱਖਮਰੀ, ਅਨਪੜ੍ਹਤਾ ਤੇ ਮਾੜੀ ਸਿਹਤ ਨੂੰ ਲੈ ਕੇ ਸਮੂਹਿਕ ਜਾਗਰਣ ਪ੍ਰੋਗਰਾਮ ਉਲਕਿਆ ਗਿਆ ਹੈ। ਆਂਗਣਵਾੜੀ ਫੈਡਰੇਸ਼ਨ ਦੀ ਪ੍ਰਧਾਨ ਆਰ.ਏ ਸਿੰਧੂ ਨੇ ਕਿਹਾ ਕਿ 21 ਰਾਜਾਂ ਦੀਆਂ ਆਂਗਨਵਾੜੀ ਵਰਕਰਾਂ ਨੇ ਜੰਤਰ-ਮੰਤਰ ਉਪਰ ਹਿੱਸਾ ਲਿਆ ਅਤੇ ਦਿੱਲੀ ਪੁਲੀਸ ਦੇ ਜਬਰ ਦਾ ਸਾਹਮਣਾ ਵੀ ਕੀਤਾ। ਆਂਗਣਵਾੜੀ ਵਰਕਰਾਂ ਵੱਲੋਂ ਕੌਮੀ ਪੱਧਰ ਉੱਤੇ ਅੰਦੋਲਨ ਹੋਰ ਮਘਾਉਣ ਦਾ ਅਹਿਦ ਲਿਆ ਗਿਆ ਹੈ। ਆਂਗਣਵਾੜੀ ਫੈਡਰੇਸ਼ਨ ਨੇ ਫ਼ੈਸਲਾ ਕੀਤਾ ਕਿ ਵਰਕਰਾਂ ਵੱਲੋਂ ਜਨਵਰੀ 2023 ਵਿੱਚ ਕੌਮੀ ਪੱਧਰ ਦੀ ਇੱਕ ਦਿਨ ਦੀ ਹੜਤਾਲ ਕੀਤੀ ਜਾਵੇਗੀ ਤੇ ਹਰ ਲੋਕ ਸਭਾ ਹਲਕੇ ਵਿੱਚ ਸੰਸਦ ਮੈਂਬਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਜਵਾਬ ਮੰਗੋ ਮੁਹਿੰਮ ਦੇ ਨਾਅਰੇ ਤਹਿਤ ਲੋਕ ਨੁਮਾਇੰਦਿਆਂ ਤੋਂ ਸਵਾਲ ਕੀਤੇ ਜਾਣਗੇ ਤੇ ਆਪਣੀਆਂ ਮੰਗਾਂ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਆਂਗਣਵਾੜੀ ਫੈਡਰੇਸ਼ਨ ਵੱਲੋਂ ਖੇਤੀ ਮਜ਼ਦੂਰਾਂ ਤੇ ਕਿਸਾਨਾਂ ਨਾਲ ਬਜਟ ਸੈਸ਼ਨ ਦੌਰਾਨ ਇੱਕਮੁੱਠਤਾ ਦਿਖਾਈ ਜਾਵੇਗੀ।