ਮੁੰਬਈ/ਨਵੀਂ ਦਿੱਲੀ, 3 ਮਾਰਚ
ਆਮਦਨ ਕਰ ਵਿਭਾਗ ਨੇ ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ, ਫਿਲਮਸਾਜ਼ ਅਨੁਰਾਗ ਕਸ਼ਯਪ ਅਤੇ ਉਸ ਦੇ ਭਾਈਵਾਲਾਂ ਦੇ ਟਿਕਾਣਿਆਂ ’ਤੇ ਅੱਜ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਕਿਹਾ ਕਿ ਅਨੁਰਾਗ ਦੇ ਪ੍ਰੋਡਕਸ਼ਨ ਹਾਊਸ ਫੈਂਟਮ ਫਿਲਮਜ਼, ਟੇਲੈਂਟ ਮੈਨੇਜਮੈਂਟ ਕੰਪਨੀ ਕਵਾਨ ਅਤੇ ਰਿਲਾਇੰਸ ਐਂਟਰਟੇਨਮੈਂਟ ਗਰੁੱਪ ਦੇ ਸੀਈਓ ਸ਼ਿਭਾਸ਼ੀਸ਼ ਸਰਕਾਰ ਦੇ ਮੁੰਬਈ ਅਤੇ ਪੁਣੇ ਸਥਿਤ 30 ਟਿਕਾਣਿਆਂ ’ਤੇ ਟੈਕਸ ਚੋਰੀ ਦੀ ਜਾਂਚ ਲਈ ਛਾਪੇ ਮਾਰੇ ਗਏ। ਪ੍ਰੋਡਕਸ਼ਨ ਹਾਊਸ ਅਤੇ ਇਸ ਦੇ ਤਤਕਾਲੀ ਪ੍ਰਮੋਟਰ ਕਸ਼ਯਪ, ਡਾਇਰੈਕਟਰ-ਪ੍ਰੋਡਿਊਸਰ ਵਿਕਰਮਾਦਿੱਤਿਆ ਮੋਟਵਾਨੇ, ਪ੍ਰੋਡਿਊਸਰ ਵਿਕਾਸ ਬਹਿਲ ਅਤੇ ਪ੍ਰੋਡਿਊਸਰ ਡਿਸਟ੍ਰੀਬਿਊਟਰ ਮਧੂ ਮੰਟੇਨਾ ਖ਼ਿਲਾਫ਼ ਜਾਂਚ ਤਹਿਤ ਕਾਰਵਾਈ ਹੋਈ ਹੈ। ਸੂਤਰਾਂ ਨੇ ਕਿਹਾ ਕਿ ਕੰਪਨੀਆਂ ਵਿਚਕਾਰ ਆਪਸੀ ਲੈਣ-ਦੇਣ ਵਿਭਾਗ ਦੀ ਨਜ਼ਰ ’ਚ ਹੈ ਅਤੇ ਇਹ ਛਾਪੇ ਹੋਰ ਸਬੂਤ ਇਕੱਠੇ ਕਰਨ ਲਈ ਮਾਰੇ ਗਏ ਹਨ ਤਾਂ ਜੋ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ। ਫੈਂਟਮ ਫਿਲਮਜ਼ ਦੇ ਬੈਨਰ ਹੇਠ ਬਣੀਆਂ ਫਿਲਮਾਂ ਦੇ ਕਾਰੋਬਾਰੀ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਨਟੇਨਾ ਖ਼ਿਲਾਫ਼ ਛਾਪੇ ਕਵਾਨ ਨਾਲ ਸਬੰਧਾਂ ਕਰਕੇ ਮਾਰੇ ਗਏ ਹਨ ਜਿਸ ਦਾ ਉਹ ਸਹਿ-ਪ੍ਰਮੋਟਰ ਹੈ। ਜ਼ਿਕਰਯੋਗ ਹੈ ਕਿ ਅਨੁਰਾਗ ਕਸ਼ਯਪ ਅਤੇ ਤਾਪਸੀ ਪਨੂੰ ਵੱਖ ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਂਦੇ ਰਹੇ ਹਨ।
ਕਿਸਾਨ ਹਮਾਇਤੀਆਂ ’ਤੇ ਛਾਪਿਆਂ ਦੀ ਮੋਰਚੇ ਵੱਲੋਂ ਨਿਖੇਧੀ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਸੰਯੁਕਤ ਕਿਸਾਨ ਮੋਰਚੇ ਨੇ ਬੌਲੀਵੁੱਡ ਅਦਾਕਾਰ ਤਾਪਸੀ ਪੰਨੂ ਦੇ ਹਵਾਲੇ ਨਾਲ ਮੁੰਬਈ ਤੇ ਹੋਰਨਾਂ ਥਾਵਾਂ ਉਪਰ ਕੇਂਦਰੀ ਏਜੰਸੀਆਂ ਜਾਂ ਵਿਭਾਗਾਂ ਵੱਲੋਂ ਆਏ ਦਿਨ ਕਿਸਾਨ ਹਮਾਇਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਉਂਦੇ ਹੋਏ ਕੇਂਦਰ ਸਰਕਾਰ ਦੀ ਮੋਰਚੇ ਪ੍ਰਤੀ ਨਰਾਜ਼ਗੀ ਨੂੰ ਗ਼ਲਤ ਤਰੀਕੇ ਨਾਲ ਜ਼ਾਹਿਰ ਕਰਨ ਦਾ ਜ਼ਰੀਆ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਦੇ ਹਮਾਇਤੀ ਆੜ੍ਹਤੀਆਂ ਉਪਰ ਛਾਪੇ ਮਾਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਸੀ। ਮੋਰਚੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਕੌਮੀ ਤੇ ਕੌਮਾਂਤਰੀ ਹਸਤੀਆਂ ਦਾ ਵੀ ਧੰਨਵਾਦ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਆਪਣੇ ਟੀਚੇ ਲਈ ਦ੍ਰਿੜ ਹਨ। ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਵੀ ਬਜਾਏ ਕਿਸਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਲਗਾਤਾਰ ਛਾਪੇ ਮਾਰ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਤੇ ਅਨੁਰਾਗ ਕਸ਼ਯਪ ਦੇ ਟਿਕਾਣਿਆਂ ਉਪਰ ਆਮਦਨ ਕਰ ਮਹਿਕਮੇ ਵੱਲੋਂ ਛਾਪੇਮਾਰੀ ਕੀਤੀ ਗਈ। ਕਿਸਾਨ ਆਗੂ ਨੇ ਕਿਹਾ, ‘ਸੰਯੁਕਤ ਕਿਸਾਨ ਮੋਰਚਾ ਸਰਕਾਰ ਦੇ ਇਨ੍ਹਾਂ ਸਾਰੇ ਯਤਨਾਂ ਦੀ ਸਖ਼ਤ ਨਿੰਦਾ ਕਰਦਾ ਹੈ। ਅਸੀਂ ਸਮਝਦੇ ਹਾਂ ਕਿ ਇਹ ਛਾਪੇਮਾਰੀ ਕਿਸਾਨਾਂ ਦੀ ਹਮਾਇਤ ਪ੍ਰਤੀ ਸਰਕਾਰ ਦੀ ਨਰਾਜ਼ਗੀ ਨੂੰ ਦਰਸਾਉਂਦੀ ਹੈ। ਇਹ ਛਾਪੇ, ਮੋਰਚੇ ਅਤੇ ਕਿਸਾਨਾਂ ਪ੍ਰਤੀ ਕੇਂਦਰ ਦੀ ਨਰਾਜ਼ਗੀ ਨੂੰ ਗ਼ਲਤ ਤਰੀਕੇ ਨਾਲ ਜ਼ਾਹਿਰ ਕਰਨ ਦਾ ਜ਼ਰੀਆ ਹਨ।’ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੀ ਕੇਂਦਰ ਸਰਕਾਰ ਨੇ ਆੜ੍ਹਤੀਆਂ ’ਤੇ ਛਾਪੇ ਮਾਰ ਕੇ ਕਿਸਾਨਾਂ ਦੇ ਹਮਾਇਤੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸਾਨਾਂ ਦੇ ਦ੍ਰਿੜ ਹੌਸਲਿਆਂ ਕਰਕੇ ਤਿੰਨ ਮਹੀਨੇ ਤੋਂ ਮੋਰਚੇ ਸਫਲਤਾ ਨਾਲ ਜਾਰੀ ਹਨ ਤੇ ਤਿੰਨੋਂ ਕਾਨੂੰਨ ਰੱਦ ਕਰਵਾਉਣਾ ਉਨ੍ਹਾਂ ਦਾ ਟੀਚਾ ਹੈ। ਚੇਤੇ ਰਹੇ ਕਈ ਕਿਸਾਨਾਂ ਦੀ ਖੁੱਲ੍ਹ ਕੇ ਹਮਾਇਤ ਕਰਨ ਵਾਲੀਆਂ ਬੌਲੀਵੁੱਡ ਹਸਤੀਆਂ ’ਚ ਤਾਪਸੀ ਪੰਨੂ ਵੀ ਸ਼ਾਮਲ ਹੈ।
ਸਰਕਾਰ ’ਤੇ ਵਿਰੋਧੀ ਆਵਾਜ਼ਾਂ ਦਬਾਉਣ ਲਈ ਛਾਪੇ ਮਾਰਨ ਦਾ ਦੋਸ਼
ਮਹਾਰਾਸ਼ਟਰ ਦੇ ਮੰਤਰੀ ਅਤੇ ਐੱਨਸੀਪੀ ਆਗੂ ਨਵਾਬ ਮਲਿਕ ਨੇ ਛਾਪਿਆਂ ਨੂੰ ਉਨ੍ਹਾਂ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ ਜੋ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਖ਼ਿਲਾਫ਼ ਬੋਲਦੇ ਹਨ। ਮਲਿਕ ਨੇ ਵਿਧਾਨ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਰਗੀਆਂ ਕੇਂਦਰੀ ਏਜੰਸੀਆਂ ਦੀ ਵਰਤੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ ਜੋ ਸਰਕਾਰ ਵਿਰੋਧੀ ਸਟੈਂਡ ਲੈਂਦੇ ਹਨ ਅਤੇ ਹਾਕਮਾਂ ਦੀਆਂ ਨੀਤੀਆਂ ਖ਼ਿਲਾਫ਼ ਬੋਲਦੇ ਹਨ। ਕਾਂਗਰਸ ਦੇ ਅਸ਼ੋਕ ਚਵਾਨ ਨੇ ਕਿਹਾ ਕਿ ਕੇਂਦਰ ਵੱਲੋਂ ਛਾਪੇ ਉਨ੍ਹਾਂ ਲੋਕਾਂ ’ਤੇ ਦਬਾਅ ਬਣਾਉਣ ਲਈ ਮਾਰੇ ਜਾਂਦੇ ਹਨ ਜੋ ਤੱਥਾਂ ਨੂੰ ਉਜਾਗਰ ਕਰਦੇ ਹਨ ਤਾਂ ਜੋ ਉਹ ਆਵਾਜ਼ ਬੁਲੰਦ ਨਾ ਕਰ ਸਕਣ। ਦਿੱਲੀ ’ਚ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ’ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਉਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਕਿ ਛਾਪੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨਾਂ ਕਰਕੇ ਮਾਰੇ ਗਏ ਹਨ ਜਿਨ੍ਹਾਂ ਨੂੰ ਭਾਜਪਾ ਦੀ ਆਲੋਚਨਾ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਖ਼ਤਾ ਜਾਣਕਾਰੀ ਮਗਰੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਮਾਮਲਾ ਬਾਅਦ ’ਚ ਅਦਾਲਤਾਂ ’ਚ ਵੀ ਜਾਵੇਗਾ। ਤਾਪਸੀ ਨੇ ਪਹਿਲੀ ਮਾਰਚ ਨੂੰ ਟਵੀਟ ਕਰਕੇ ਸੁਪਰੀਮ ਕੋਰਟ ਦੇ ਉਸ ਫ਼ੈਸਲੇ ’ਤੇ ਟਿੱਪਣੀ ਕੀਤੀ ਸੀ ਜਿਸ ’ਚ ਅਦਾਲਤ ਨੇ ਜਬਰ-ਜਨਾਹ ਦੇ ਦੋਸ਼ੀ ਨੂੰ ਮਹਿਲਾ ਨਾਲ ਵਿਆਹ ਕਰਾਉਣ ਦੀ ਇੱਛਾ ਬਾਰੇ ਪੁੱਛਿਆ ਸੀ। ਜਦੋਂ ਅਦਾਲਤ ਨੂੰ ਦੱਸਿਆ ਕਿ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ ਤਾਂ ਉਸ ਨੂੰ ਸਬੰਧਤ ਅਦਾਲਤ ’ਚ ਨਿਯਮਤ ਜ਼ਮਾਨਤ ਲੈਣ ਲਈ ਆਖਿਆ ਗਿਆ। ਅਨੁਰਾਗ ਕਸ਼ਯਪ ਨੇ ਪਿਛਲੇ ਸਾਲ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਜੇਐੱਨਯੂ ਅਤੇ ਸ਼ਾਹੀਨ ਬਾਗ ਦਾ ਦੌਰਾ ਕੀਤਾ ਸੀ। -ਪੀਟੀਆਈ