ਨਵੀਂ ਦਿੱਲੀ, 2 ਫਰਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਧਰਨਿਆਂ ਵਾਲੀਆਂ ਥਾਵਾਂ ਨੇੜੇ ਪੁਲੀਸ ਵੱਲੋਂ ਸੀਮੰਟ ਤੇ ਕੰਡੇਦਾਰ ਤਾਰਾਂ ਦੀਆਂ ਰੋਕਾਂ ਬਣਾਏ ਜਾਣ ਨੂੰ ਲੈ ਕੇ ਅੱਜ ਕੇਂਦਰ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਉਨ੍ਹਾਂ ਨੂੰ ਕੰਧ ਦੀ ਥਾਂ ਪੁਲ ਬਣਵਾਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਦੇ ਅੰਦੋਲਨ ਵਾਲੀਆਂ ਥਾਵਾਂ ਨੇੜੇ ਰੋਕਾਂ ਬਣਾਏ ਜਾਣ ਨਾਲ ਜੁੜੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਟਵੀਟ ਕੀਤਾ, ‘ਭਾਰਤ ਸਰਕਾਰ, ਪੁਲ ਬਣਾਓ, ਕੰਧ ਨਹੀਂ।’ ਸੰਯੁਕਤ ਕਿਸਾਨ ਮੋਰਚੇ ਦਾ ਟਵਿੱਟਰ ਖਾਤਾ ਬੰਦ ਕਰਨ ਦੀਆਂ ਰਿਪੋਰਟਾਂ ਬਾਰੇ ਉਨ੍ਹਾਂ ਟਵੀਟ ਕੀਤਾ, ‘ਮੋਦੀ ਦੇ ਰਾਜ ਕਰਨ ਦਾ ਢੰਗ, ਉਨ੍ਹਾਂ ਨੂੰ ਚੁੱਪ ਕਰਵਾ ਦਿਉ, ਉਨ੍ਹਾਂ ਨੂੰ ਵੱਢ ਸੁੱਟੋ। ਉਨ੍ਹਾਂ ਨੂੰ ਦਰੜ ਸੁੱਟੋ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਸੇ ਵਿਸ਼ੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ, ‘ਪ੍ਰਧਾਨ ਮੰਤਰੀ ਜੀ, ਆਪਣੇ ਕਿਸਾਨਾਂ ਨਾਲ ਹੀ ਜੰਗ?’ ਕਾਂਗਰਸ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਕੇ ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਕਿਸਾਨ ਯੂਨੀਅਨਾਂ ਨੇ ਬੀਤੇ ਦਿਨ 6 ਫਰਵਰੀ ਨੂੰ ਦੇਸ਼ ਭਰ ’ਚ ਤਿੰਨ ਘੰਟੇ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀਆਂ ਦੀਆਂ ਹੱਦਾਂ ’ਤੇ ਕਿਸਾਨਾਂ ਦੇ ਧਰਨੇ ਵਾਲੀਆਂ ਥਾਵਾਂ ਨੂੰ ਬੀਤੇ ਦਿਨ ਕਿਲ੍ਹੇ ’ਚ ਤਬਦੀਲ ਕਰ ਦਿੱਤਾ ਗਿਆ। -ਪੀਟੀਆਈ