ਸ਼ਿਵੰਦਰ ਕੌਰ
ਪੰਜ ਕੁ ਦਹਾਕੇ ਪਹਿਲਾਂ ਜਿਨ੍ਹਾਂ ਗੱਲਾਂ ਬਾਰੇ ਅਸੀਂ ਸੁਫਨੇ ਵਿਚ ਵੀ ਨਹੀਂ ਚਿਤਵਿਆ ਸੀ, ਅੱਜ ਸਾਡੀ ਰੋਜ਼ਮੱਰਾ ਜ਼ਿੰਦਗੀ ਦਾ ਹਿੱਸਾ ਬਣ ਰਹੀਆਂ ਹਨ। ਨਵੀਂ ਤੋਂ ਨਵੀਂ ਤਕਨੀਕ ਜਿੱਥੇ ਸਾਨੂੰ ਬੜਾ ਕੁਝ ਸੁਖਾਵਾਂ ਦੇ ਰਹੀ ਹੈ, ਉੱਥੇ ਆਪੋ-ਆਪਣੇ ਸੀਮਤ ਦਾਇਰਿਆਂ ਵਿਚ ਰਹਿਣ ਲਈ ਬੇਵਸ ਵੀ ਕਰ ਰਹੀ ਹੈ। ਨਵਾਂ ਪਾਉਣ ਦੇ ਚੱਕਰਾਂ ਵਿਚ ਬੜਾ ਕੁਝ ਚੰਗਾ ਵੀ ਸਮਾਜ ਵਿਚੋਂ ਮਨਫੀ ਹੋ ਰਿਹਾ ਹੈ। ਆਪਣੇ ਹੀ ਹਿੱਤਾਂ ਨੂੰ ਤਰਜੀਹ ਦਿੰਦੇ ਅਸੀਂ ਨਰੋਈਆਂ ਕਦਰਾਂ-ਕੀਮਤਾਂ, ਨਿੱਘੇ ਪਰਿਵਾਰਕ ਰਿਸ਼ਤਿਆਂ ਅਤੇ ਭਾਈਚਾਰਕ ਸਾਂਝ ਤੋਂ ਦੂਰ ਹੋ ਰਹੇ ਹਾਂ।
ਪਿਛਲੇ ਦਿਨੀਂ ਇਨ੍ਹਾਂ ਭਾਈਚਾਰਕ ਸਾਂਝਾਂ ਦਾ ਨਿੱਘ ਹੰਢਾਉਣ ਦਾ ਮੌਕਾ ਮਿਲਿਆ ਜਿਸ ਨਾਲ ਮਨ ਨੂੰ ਸਕੂਨ ਮਿਲਿਆ ਕਿ ਅਜੇ ਵੀ ਸਭ ਕੁਝ ਖ਼ਤਮ ਨਹੀਂ ਹੋਇਆ। … ਸਵੇਰੇ ਸੰਦੇਹਾਂ ਉੱਠ ਕੇ ਰਸੋਈ ਵਿਚ ਜਾ ਕੇ ਚਾਹ ਬਣਾ ਰਹੀ ਸਾਂ ਕਿ ਫੋਨ ਦੀ ਘੰਟੀ ਵੱਜਣ ਲੱਗੀ। ਆਵਾਜ਼ ਤੋਂ ਹੀ ਪਤਾ ਲੱਗ ਗਿਆ ਕਿ ਫੋਨ ਪਤੀ ਵਾਸਤੇ ਹੈ। ਮੈਂ ਰਸੋਈ ਵਿਚੋਂ ਹੀ ਆਵਾਜ਼ ਦਿੱਤੀ, “ਤੁਹਾਡਾ ਫੋਨ ਹੈ।”
“ਤੁਸੀਂ ਹੀ ਦੇਖ ਲਵੋ, ਮੈਂ ਗੁਸਲਖਾਨੇ ਵਿਚ ਹਾਂ।” ਉਧਰੋਂ ਆਵਾਜ਼ ਆਈ। ਜਦੋਂ ਫੋਨ ਚੁੱਕਿਆ ਤਾਂ ਕਰਨ ਵਾਲੇ ਦਾ ਨਾਂ ਪੜ੍ਹ ਕੇ ਮਨ ਕਿਸੇ ਅਣਹੋਣੀ ਘਟਨਾ ਵਾਪਰ ਜਾਣ ਦੇ ਡਰੋਂ ਸਹਿਮ ਗਿਆ। ਅਸਲ ਵਿਚ ਫੋਨ ਪੁੱਤਰ (ਜੇਠ ਦੇ ਲੜਕੇ)ਦਾ ਸੀ ਜੋ ਬਾਈ ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਆਪਣੀ ਮਾਂ ਕੋਲ ਸੀ। ਇੱਕ ਨੂੰਹ ਤੇ ਪੁੱਤ, ਦੋ ਜੀਅ ਉਸ ਕੋਲ ਹਰ ਵਕਤ ਰਹਿੰਦੇ ਸਨ। ਉਸ ਦੀ ਧੀ ਸਮੇਤ ਬਾਕੀ ਪਰਿਵਾਰਕ ਜੀਅ ਵੀ ਜਾਂਦੇ ਰਹਿੰਦੇ ਸਨ। ਕਿਲੋਮੀਟਰ ਦੀ ਵਿੱਥ ਤੇ ਸਾਡੀ ਦੋਹਤੀ ਅਤੇ ਦੋਹਤ ਜਵਾਈ ਦਾ ਘਰ ਸੀ। ਚਾਹ ਪਾਣੀ ਅਤੇ ਰੋਟੀ-ਟੁੱਕ ਉਹ ਲਿਆਉਂਦੇ ਅਤੇ ਰਾਤ ਨੂੰ ਠਹਿਰਨ ਵਾਲਿਆਂ ਨੂੰ ਘਰੋਂ ਨਹਾਉਣ ਧੋਣ ਲਈ ਭੇਜ ਕੇ ਆਪ ਉੱਥੇ ਬੈਠ ਜਾਂਦੇ। ਇਉਂ ਰਲ ਮਿਲ ਕੇ ਵਕਤ ਲੰਘਾਇਆ ਜਾ ਰਿਹਾ ਸੀ।
ਲਗਾਤਾਰ ਵੱਜ ਰਹੀ ਫੋਨ-ਘੰਟੀ ਸੁਣ ਕੇ ਮੇਰੇ ਪਤੀ ਵੀ ਆ ਗਏ- “ਕਿਸ ਦਾ ਫੋਨ ਹੈ, ਚੁੱਕ ਕਿਉਂ ਨਹੀਂ ਰਹੇ?”
“ਹਸਪਤਾਲੋਂ ਹੈ, ਕਿਤੇ ਭੈਣ ਨਾ ਜ਼ਿਆਦਾ ਢਿੱਲੀ ਹੋ ਗਈ ਹੋਵੇ … ਤੁਸੀਂ ਹੀ ਸੁਣ ਲਵੋ।” ਫੋਨ ਦਾ ਬਟਨ ਨੱਪਣ ਤੇ ਅੱਗੋਂ ਆਵਾਜ਼ ਆਉਂਦੀ ਹੈ, “ਚਾਚਾ, ਬੇਬੇ ਨੂੰ ਸਾਹ ਔਖਾ ਆਉਂਦੈ।”
“ਤੂੰ ਭੱਜ ਕੇ ਡਾਕਟਰ ਨੂੰ ਬੁਲਾ ਕੇ ਲਿਆ, ਮੈਂ ਤੇਰੇ ਛੋਟੇ ਚਾਚੇ ਨੂੰ ਦੱਸਦੈਂ। ਬੱਸ ਅਸੀਂ ਪੰਦਰਾਂ ਮਿੰਟਾਂ ਚ ਪਹੁੰਚੇ ਲੈ।” ਅਜੇ ਤੁਰਨ ਹੀ ਲੱਗਦੇ ਹਾਂ, ਫੋਨ ਦੁਬਾਰਾ ਬੋਲ ਪੈਂਦਾ ਹੈ। ਜਿਹੜੀ ਅਣਹੋਣੀ ਤੋਂ ਡਰ ਰਹੇ ਸੀ, ਉਹ ਵਾਪਰ ਗਈ ਸੀ। ਭੈਣ ਆਪਣੇ ਹਿੱਸੇ ਦਾ ਸਫ਼ਰ ਤੈਅ ਕਰ ਕੇ ਸਦਾ ਲਈ ਤੁਰ ਗਈ ਸੀ।
ਅਸੀਂ ਚਾਰੇ ਜਣੇ ਹਸਪਤਾਲ ਵਿਚ ਪਹੁੰਚ ਜਾਂਦੇ ਹਾਂ। ਭੈਣ ਦੇ ਧੀ ਜਵਾਈ ਵੀ ਪਹੁੰਚ ਚੁੱਕੇ ਹਨ। ਦੋਹਤੀ ਅਤੇ ਦੋਹਤ ਜਵਾਈ ਤਾਂ ਸਵੇਰੇ ਸਾਝਰੇ ਚਾਹ ਦੀ ਕੇਤਲੀ ਦੇਣ ਆਏ ਹੁੰਦੇ ਹਨ। ਪਿੰਡ ਘਰੇ ਵੀ ਫੋਨ ਤੇ ਦੱਸ ਦਿੱਤਾ ਹੈ। ਹਸਪਤਾਲ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੇ ਅੱਧਾ ਘੰਟਾ ਲੱਗ ਜਾਂਦਾ ਹੈ। ਭਰੇ ਮਨਾਂ ਨਾਲ ਅਸੀਂ ਸਾਰੇ ਭੈਣ ਨੂੰ ਲੈ ਕੇ ਪਿੰਡ ਤੁਰ ਪੈਂਦੇ ਹਾਂ। ਪਿੰਡ ਪਹੁੰਚਣ ਤੋਂ ਪਹਿਲਾਂ ਹੀ ਸਕੇ-ਸਰੀਕੇ, ਆਂਢ ਗੁਆਂਢ ਅਤੇ ਮੇਲ ਮਿਲਾਪ ਰੱਖਣ ਵਾਲੇ ਪਹੁੰਚੇ ਹੋਏ ਹਨ। ਲੋੜੀਂਦਾ ਪ੍ਰਬੰਧ, ਜਿਵੇਂ ਬੈਠਣ ਲਈ ਗੁਰਦੁਆਰੇ ਵਿਚੋਂ ਲਿਆ ਕੇ ਗੱਦੇ ਫਰਸ਼ ਤੇ ਵਿਛਾ ਦਿੱਤੇ ਗਏ ਹਨ। ਭੈਣ ਜਿਸ ਜਗ੍ਹਾ ਤੇ ਪਈ ਹੁੰਦੀ ਸੀ, ਉਸੇ ਥਾਂ ਮੰਜਾ ਡਾਹਿਆ ਪਿਆ ਹੈ। ਘਰ ਦੇ ਸਾਰੇ ਜੀਅ ਭੈਣ ਦੇ ਮੰਜੇ ਕੋਲ ਬੈਠ ਜਾਂਦੇ ਹਨ। ਸਭ ਨੇੜਲੇ ਰਿਸ਼ਤੇਦਾਰਾਂ ਨੂੰ ਤਾਇਆਂ, ਚਾਚਿਆਂ ਦੇ ਬੱਚੇ ਫੋਨਾਂ ਤੇ ਸਸਕਾਰ ਦਾ ਸਮਾਂ ਦੱਸ ਰਹੇ ਹਨ।
ਸਾਰਿਆਂ ਦੇ ਪਹੁੰਚਣ ਤੇ ਭੈਣ ਨੂੰ ਅੰਤਿਮ ਵਾਰ ਨੁਹਾ ਕੇ ਆਖਰੀ ਸਫ਼ਰ ਤੇ ਨਿਕਲ ਤੁਰਦੇ ਹਾਂ। ਸਸਕਾਰ ਕਰ ਕੇ ਵਾਪਸ ਮੁੜਦੇ ਹਾਂ ਤਾਂ ਆਉਂਦਿਆਂ ਨੂੰ ਸਾਰਿਆਂ ਲਈ ਚਾਹ, ਰੋਟੀ ਆਦਿ ਤਿਆਰ ਹੈ। ਖ਼ੁਦ ਹੀ ਸਾਰਿਆਂ ਨੂੰ ਵਰਤਾਇਆ ਜਾ ਰਿਹਾ ਹੈ।
ਭੋਗ ਪੈਣ ਦੇ ਦਿਨ ਤੱਕ ਘਰ ਦੇ ਜੀਅ ਅਫਸੋਸ ਕਰਨ ਆਉਣ ਵਾਲਿਆਂ ਕੋਲ ਸੱਥਰ ਤੇ ਬੈਠਦੇ ਹਨ। ਆਪਣੇ ਆਪ ਹੀ ਡਿਊਟੀਆਂ ਲਗਾ ਕੇ ਨੇੜਲੇ ਸਾਰੇ ਪ੍ਰਬੰਧ ਕਰ ਰਹੇ ਹਨ। ਘਰ ਵਾਲਿਆਂ ਨੂੰ ਇਸ ਬਾਰੇ ਕੋਈ ਦਿਮਾਗੀ ਬੋਝ ਨਹੀਂ। ਕਬੀਲਦਾਰੀ ਤੋਂ ਵਿਹਲੇ ਹੋਏ ਬਜ਼ੁਰਗ ਅਤੇ ਬੀਬੀਆਂ ਸਾਰਾ ਦਿਨ ਦੁੱਖ ਵਿਚ ਸ਼ਰੀਕ ਹੁੰਦੇ ਹੋਏ ਸੱਥਰ ਤੇ ਬੈਠੇ ਰਹਿੰਦੇ ਹਨ। ਗੱਲਾਂ ਕਦੇ ਫ਼ਸਲ ਵਾੜੀ ਦੀਆਂ ਤੁਰ ਪੈਂਦੀਆਂ ਹਨ, ਕਦੇ ਸਿਆਸਤ ਤੇ ਚੁੰਝ ਚਰਚਾ ਹੋਣ ਲੱਗ ਪੈਂਦੀ ਹੈ। ਕਦੇ ਕਦੇ ਇੱਕ ਦੂਜੇ ਨੂੰ ‘ਹੁਣ ਤਾਂ ਭਰਾਵਾ ਤੇਰੀ ਵਾਰੀ ਹੈ’ ਵਰਗੇ ਫ਼ਿਕਰੇ ਵੀ ਕੱਸੇ ਜਾਂਦੇ ਹਨ। ਅਗਲਾ ਕਿਹੜਾ ਘੱਟ ਹੁੰਦਾ ਹੈ, ਅੱਗੋਂ ਪਟੱਕ ਦੇਣੇ ਕਹਿ ਦਿੰਦਾ ਹੈ, ‘ਨਾ ਭਰਾਵਾ, ਮੈਂ ਤਾਂ ਲਿਖਣ ਵੇਲੇ ਪਹਿਲਾਂ ਯਮ ਨੂੰ ਤੇਰਾ ਨਾਂ ਲਿਖਾ ਦਿੱਤਾ ਸੀ’। ਇਸ ਤਰ੍ਹਾਂ ਮਾਹੌਲ ਕੁਝ ਸਮਾਂ ਬਦਲ ਜਾਂਦਾ ਹੈ। ਕਦੇ ਕੋਈ ਜਾਗਰੂਕ ਜੀਅ ਰੇਹਾਂ ਸਪਰੇਆਂ ਦੀ ਜ਼ਿਆਦਾ ਵਰਤੋਂ ਅਤੇ ਇਸ ਨਾਲ ਹੁੰਦੇ ਰੋਗਾਂ ਬਾਰੇ ਵੀ ਚਰਚਾ ਕਰਨ ਲੱਗ ਜਾਂਦਾ। ਰਾਤ ਨੂੰ ਵੀ ਕੁਝ ਬੀਬੀਆਂ ਅਤੇ ਬਜ਼ੁਰਗ ਉੱਥੇ ਹੀ ਸੌਂ ਜਾਂਦੇ।
ਭੋਗ ਵਾਲੇ ਦਿਨ ਵੀ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਮੇਂ ਉਨ੍ਹਾਂ ਦੇ ਚਿਹਰਿਆਂ ’ਤੇ ਕਰੋਨਾ ਬਾਰੇ ਲੋਕਾਂ ਦੇ ਮਨਾਂ ਵਿਚ ਪੈਦਾ ਕੀਤੀ ਦਹਿਸ਼ਤ ਦਾ ਕੋਈ ਪਰਛਾਵਾਂ ਮੈਨੂੰ ਨਹੀਂ ਦਿੱਸਿਆ ਸਗੋਂ ਮਾਨਸਿਕ ਤੌਰ ਤੇ ਤਕੜੇ ਤੇ ਸੰਜੀਦਾ ਚਿਹਰੇ ਹਰ ਆਉਣ ਜਾਣ ਵਾਲੇ ਰਿਸ਼ਤੇਦਾਰਾਂ ਦੀ ਲੋੜ ਦਾ ਖਿਆਲ ਰੱਖ ਰਹੇ ਸਨ। ਲੱਗ ਰਿਹਾ ਸੀ, ਗਮੀ, ਖੁਸ਼ੀ ’ਚ ਮਦਦਗਾਰ ਹੋਣਾ ਇਨ੍ਹਾਂ ਦੇ ਸੁਭਾਅ ਦਾ ਅੰਗ ਹੈ। ਭੋਗ ਤੋਂ ਬਾਅਦ ਜਦੋਂ ਅਸੀਂ ਵਾਪਸ ਸ਼ਹਿਰ ਆ ਰਹੇ ਸਾਂ ਤਾਂ ਮਨ ਵਿਚ ਰਿਸ਼ਤਿਆਂ ਦੇ ਇਸ ਨਿੱਘੇ ਅਹਿਸਾਸ ਨੇ ਪਕੜ ਬਣਾ ਲਈ ਸੀ। ਮੈਥੋਂ ਛੋਟੀ ਭੈਣ ਕਹਿ ਰਹੀ ਸੀ ਕਿ ਜ਼ਿੰਦਗੀ ਦੀ ਪਤਝੜ ਦੇ ਮੌਸਮ (ਆਖਰੀ ਪੜਾਅ) ਦੇ ਦਿਨ ਤਾਂ ਆਪਣੇ ਪਿੰਡ ਨਿੱਘੇ ਮਾਹੌਲ ’ਚ ਹੀ ਲੰਘਣੇ ਚਾਹੀਦੇ ਹਨ।
ਅਜੋਕੇ ਕਾਹਲ ਭਰੇ, ਰੁਝੇਵਿਆਂ ਵਾਲੇ ਅਤੇ ਬਦਲ ਰਹੀ ਜੀਵਨ ਸ਼ੈਲੀ ਵਾਲੇ ਸਮਾਜ ਵਿਚ ਪੁਰਾਣੇ ਸੱਭਿਆਚਾਰ ਦੇ ਅਜਿਹੇ ਰੰਗ ਫਿੱਕੇ ਪੈ ਰਹੇ ਹਨ। ਅੱਜ ਦੇ ਸਮੇਂ ਵਿਚ ਜਦੋਂ ਨਿੱਤ ਨਵੇਂ ਪਾਸ ਹੁੰਦੇ ਆਰਡੀਨੈਂਸ ਸਾਡੇ ਜਿਊਣ ਦੇ ਹੱਕ ਤੇ ਡਾਕਾ ਮਾਰ ਰਹੇ ਹਨ ਤਾਂ ਸਾਨੂੰ ਇਨ੍ਹਾਂ ਕਿਰਤੀ, ਕਿਸਾਨ ਅਤੇ ਮਜ਼ਦੂਰ ਦੀਆਂ ਭਾਈਚਾਰਕ ਸਾਂਝਾਂ ਨੂੰ ਹੋਰ ਤਕੜੀਆਂ ਕਰਨ ਦੀ ਜ਼ਰੂਰਤ ਹੈ। ਭਾਈਚਾਰਕ ਤੰਦਾਂ ਅਤੇ ਕਿਰਤੀਆਂ ਦੀ ਸਾਂਝ, ਕਾਲੀਆਂ ਰਾਤਾਂ ਨੂੰ ਸੂਹੀ ਸਵੇਰ ਵਿਚ ਬਦਲਣ ਦੀ ਤਾਕਤ ਰੱਖਦੇ ਹਨ।
ਸੰਪਰਕ: 76260-63596