ਜੋਗਿੰਦਰ ਸਿੰਘ ਮਾਨ
ਮਾਨਸਾ, 30 ਮਈ
ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪੋਸਟਮਾਰਟਮ ਦੌਰਾਨ ਪਤਾ ਲੱਗਿਆ ਹੈ ਕਿ ਉਸ ਨੂੰ ਦੋ ਦਰਜਨ ਤੋਂ ਵਧ ਗੋਲੀਆਂ ਲੱਗੀਆਂ ਸਨ। ਪਰਿਵਾਰ ਦੀ ਸਹਿਮਤੀ ਤੋਂ ਬਾਅਦ ਉਸ ਦਾ ਪੋਸਟਮਾਰਟਮ ਅੱਜ ਦੇਰ ਸ਼ਾਮ ਡਾਕਟਰਾਂ ਦੇ ਪੈਨਲ ਵੱਲੋਂ ਭਾਰੀ ਸੁਰੱਖਿਆ ਹੇਠ ਮਾਨਸਾ ਦੇ ਸਿਵਲ ਹਸਪਤਾਲ ’ਚ ਕੀਤਾ ਗਿਆ। ਪੋਸਟਮਾਰਟਮ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਐੱਸਐੱਸਪੀ ਗੌਰਵ ਤੂਰਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਵੇਰਵਿਆਂ ਮੁਤਾਬਕ ਸਿੱਧੂ ਮੂਸੇਵਾਲਾ ਦੇ 20 ਤੋਂ ਜ਼ਿਆਦਾ ਗੋਲੀਆਂ ਲੱਗੀਆਂ ਹਨ। ਇੱਕ ਗੋਲੀ ਉਸ ਦੇ ਸਿਰ ’ਚ ਲੱਗੀ। ਉਸ ਦੀ ਮੌਤ ਜ਼ਿਆਦਾ ਖੂਨ ਨਿਕਲਣ ਕਾਰਨ ਹੋਈ ਦੱਸੀ ਜਾਂਦੀ ਹੈ। ਸਿਵਲ ਹਸਪਤਾਲ ਦੇ ਮਾਹਿਰਾਂ ਵੱਲੋਂ ਉਸ ਦੇ ਵਿਸਰੇ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਤੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇਸ ਮਾਮਲੇ ਦੀ ਕੌਮੀ ਜਾਂਚ ਏਜੰਸੀ ਤੋਂ ਜਾਂਚ ਮੰਗਦਿਆਂ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਮੂਸੇਵਾਲਾ ਦੇ ਸਮਰਥਕਾਂ ਤੇ ਪ੍ਰਸੰਸਕਾਂ ਨੇ ਸਵੇਰ ਵੇਲੇ ਮਾਨਸਾ ਦੇ ਸਿਵਲ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲੀਸ ਦੀ ਸਿੱਟ ਨੇ ਕਈ ਥਾਵਾਂ ’ਤੇ ਛਾਪੇ ਮਾਰੇ।
ਪੁਲੀਸ ਵਲੋਂ ਸੀਸੀਟੀਵੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਦੂਜੇ ਪਾਸੇ ਮਾਨਸਾ ਵਪਾਰ ਮੰਡਲ ਨੇ ਅੱਜ ਦੁਪਹਿਰ ਬਾਰਾਂ ਵਜੇ ਤਕ ਦੁਕਾਨਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।