ਗਗਨਦੀਪ ਅਰੋੜਾ
ਲੁਧਿਆਣਾ, 4 ਨਵੰਬਰ
ਸੋਲਰ ਸਟਰੀਟ ਲਾਈਟ ਘਪਲੇ ਵਿੱਚ ਫਸੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਦੀ ਟੀਮ ਵੱਲੋਂ ਪਹਿਲਾਂ ਹੀ ਸੰਦੀਪ ਸੰਧੂ ਦੀ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਪਿੰਡਾਂ ਵਿੱਚ ਲੱਗੇ ਆਰਓ ਸਿਸਟਮ ਤੇ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟੇ ਦੇ ਮਾਮਲੇ ਦੀ ਵੀ ਜਾਂਚ ਵੀ ਆਰੰਭ ਦਿੱਤੀ ਗਈ ਹੈ। ਵਿਜੀਲੈਂਸ ਨੂੰ ਇਨ੍ਹਾਂ ਮਾਮਲਿਆਂ ਵਿੱਚ ਵੀ ਹੇਰਾਫੇਰੀ ਹੋਈ ਹੋਣ ਦਾ ਸ਼ੱਕ ਹੈ। ਕੈਪਟਨ ਸੰਦੀਪ ਸੰਧੂ ਦੀ ਗ੍ਰਿਫ਼਼ਤਾਰੀ ਲਈ ਥਾਂ-ਥਾਂ ਛਾਪੇ ਮਾਰ ਰਹੀ ਵਿਜੀਲੈਂਸ ਦੀ ਟੀਮ ਉਸ ਦੇ ਰਿਕਾਰਡ ਵੀ ਜਾਂਚ ਰਹੀ ਹੈ। ਇਸ ਦੇ ਨਾਲ ਹੀ ਸੰਧੂ ਦੇ ਰਿਸ਼ਤੇਦਾਰਾਂ ਦੇ ਨਾਂ ਦਰਜ ਜਾਇਦਾਦ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਸੰਧੂ ‘ਤੇ ਦੋਸ਼ ਹੈ ਕਿ ਸਟਰੀਟ ਲਾਈਟ ਮਾਮਲੇ ਵਿੱਚ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਉਸ ਨੇ ਠੇਕੇਦਾਰ ਨੂੰ ਅਦਾਇਗੀ ਕਰਵਾ ਦਿੱਤੀ। ਇਸ ਦੇ ਨਾਲ ਹੀ ਪਾਰਟੀ ਦਾ ਹਲਕਾ ਇੰਜਾਰਜ ਰਹਿੰਦੇ ਹੋਏ ਸੰਦੀਪ ਵੱਲੋਂ ਕਈ ਪ੍ਰਾਪਰਟੀਆਂ ਵਿੱਚ ਨਿਵੇਸ਼ ਵੀ ਕੀਤਾ ਗਿਆ ਸੀ। ਟੀਮ ਵੱਲੋਂ ਉਸ ਦੇ ਲਾਕਰਾਂ ਸਬੰਧੀ ਜਾਣਕਾਰੀ ਵੀ ਮੰਗੀ ਗਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਹਲਕਾ ਦਾਖਾ ਦੇ ਪਿੰਡਾਂ ਵਿੱਚ ਕਾਂਗਰਸ ਸਰਕਾਰ ਵੇਲੇ ਜੋ ਆਰਓ ਸਿਸਟਮ ਲਗਾਏ ਗਏ ਸਨ, ਉਨ੍ਹਾਂ ਦੀ ਕੀਮਤ ਵਿੱਚ ਹੇਰਾਫੇਰੀ ਕੀਤੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਵੰਡੀਆਂ ਗਈਆਂ ਖੇਡ ਕਿੱਟਾਂ ਵਿੱਚ ਵੀ ਲੱਖਾਂ ਰੁਪਏ ਦਾ ਘਪਲਾ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਹਾਲੇ ਇੱਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਵਿਜੀਲੈਂਸ ਵੱਲੋਂ ਦੋਵੇਂ ਮਾਮਲਿਆਂ ਦੀਆਂ ਫਾਈਲਾਂ ਦਾ ਮੰਗਵਾ ਕੇ ਆਰੰਭੀ ਗਈ ਜਾਂਚ ਇਸੇ ਗੱਲ ਵੱਲ ਇਸ਼ਾਰਾ ਕਰ ਰਹੀ ਹੈ। ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਕੈਪਟਨ ਸੰਦੀਪ ਸੰਧੂ ਵੀ ਸ਼ਾਮਲ ਸੀ।
ਟੈਂਡਰ ਘੁਟਾਲੇ ‘ਚ ਚੌਲ ਮਿੱਲ ਦਾ ਮਾਲਕ ਅਨਿਲ ਜੈਨ ਗ੍ਰਿਫ਼ਤਾਰ
ਲੁਧਿਆਣਾ (ਟਨਸ): ਦਾਣਾ ਮੰਡੀ ਟਰਾਂਸਪੋਰਟੇਸ਼ਨ ਘੁਟਾਲੇ ਵਿੱਚ ਨਾਮਜ਼ਦ ਮੁਲਜ਼ਮ ਕ੍ਰਿਸ਼ਨਾ ਰਾਈਸ ਮਿੱਲ ਸਵੱਦੀ ਦੇ ਮਾਲਕ ਅਤੇ ਆੜ੍ਹਤੀ ਅਨਿਲ ਜੈਨ ਨੂੰ ਅੱਜ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਨੇ ਉਸ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਅਨਿਲ ਜੈਨ ਦੀ ਗ੍ਰਿਫ਼ਤਾਰੀ ਦੌਰਾਨ ਉਸ ਦੀ ਇਨੋਵਾ ਕਾਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਦੀ ਕਾਰ ਵਿੱਚੋਂ ਦਸਤਾਵੇਜ਼ਾਂ ਵਾਲਾ ਇੱਕ ਬੈਗ ਵੀ ਬਰਾਮਦ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਕਮਿਸ਼ਨ ਏਜੰਟ ਕ੍ਰਿਸ਼ਨ ਲਾਲ ਧੋਤੀਵਾਲਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਸਾਰੇ ਮੁਲਜ਼ਮ ਜੇਲ੍ਹ ਵਿੱਚ ਹਨ। ਉਨ੍ਹਾਂ ਦੱਸਿਆ ਕਿ ਆੜ੍ਹਤੀ ਅਨਿਲ ਜੈਨ ‘ਤੇ ਇਹ ਵੀ ਦੋਸ਼ ਹੈ ਕਿ ਉਹ ਯੂਪੀ, ਬਿਹਾਰ ਆਦਿ ਸੂਬਿਆਂ ਤੋਂ ਘੱਟ ਰੇਟ ‘ਤੇ ਝੋਨਾ ਲਿਆ ਕੇ ਆਪਣੇ ਸ਼ੈੱਲਰ ਵਿੱਚ ਰੱਖਦਾ ਸੀ ਅਤੇ ਇਸ ਨੂੰ ਸਰਕਾਰੀ ਕੋਟੇ ਨਾਲ ਖ਼ਰੀਦ ਕੇ ਆਪਣੇ ਸ਼ੈੱਲਰ ਵਿੱਚ ਰੱਖੇ ਝੋਨੇ ਵਿੱਚ ਰਲਾ ਕੇ ਵੇਚ ਦਿੰਦਾ ਸੀ।